ਲੁਧਿਆਣਾ : 
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਦੋ ਟੁੱਕ ਗੱਲ ਕਰਦਿਆਂ ਕਿਹਾ ਕਿ ਜੇ ਉਹ ਬੁੱਢਾ ਦਰਿਆ ਸਾਫ਼ ਨਹੀਂ ਕਰਨਾ ਚਹੁੰਦੇ ਤਾਂ ਇਸ ਮੁਹਿੰਮ ਨੂੰ ਇੱਥੇ ਹੀ ਬੰਦ ਕਰ ਦਿਓ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਟਨ ਹਾਊਸ ’ਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬੁੱਢੇ ਦਰਿਆ ਦੀ ਸਮੀਖਿਆ ਬਾਰੇ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਗੁਲਾਬ ਚੰਦ ਕਟਾਰੀਆਂ ਨੇ ਕਿਹਾ ਕਿ ਅਧਿਕਾਰੀ ਦੱਸਣ ਕਿ ਹੁਣ ਤੱਕ ਕਿਹੜੇ ਪੰਜਾਬ ਦੇ ਰਾਜਪਾਲ ਨੇ ਬੁੱਢੇ ਦਰਿਆ ਬਾਰੇ 5 ਵਾਰ ਮੀਟਿੰਗ ਕੀਤੀ ਹੋਵੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਹਰ ਵਾਰ ਹੋਣ ਵਾਲੀ ਮੀਟਿੰਗ ’ਚ ਇਹ ਭਰੋਸਾ ਦਿੰਦੇ ਸਨ ਕਿ ਇਕ ਮਹੀਨੇ ’ਚ ਮਿੱਥਿਆ ਟੀਚਾ ਪ੍ਰਾਪਤ ਕਰ ਲਿਆ ਜਾਵੇਗਾ। ਰਾਜਪਾਲ ਪੰਜਾਬ ਨੇ ਡੀਸੀ ਨੂੰ ਹਦਾਇਤ ਕੀਤੀ ਕਿ ਉਹ ਪੀਪੀਸੀਬੀ, ਡਰੇਨਜ਼ ਵਿਭਾਗ, ਨਗਰ ਨਿਗਮ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਇਕ ਟੀਮ ਬਣਾ ਕੇ ਕੰਮ ਕਰਨ ਅਤੇ ਹਰ ਮਹੀਨੇ ਦੋ ਵਾਰ ਇਸ ਬਾਬਤ ਮੀਟਿੰਗ ਕਰ ਕੇ ਇਸ ਬਾਰੇ ਰਣਨੀਤੀ ’ਤੇ ਚਰਚਾ ਕਰਨ ਤੇ ਇਸ ਨੂੰ ਸਾਫ਼ ਕਰਨ ਦਾ ਟੀਚਾ ਮਿੱਥਣ। ਉਨ੍ਹਾਂ ਸੀਵਰੇਜ ਬੋਰਡ ਦੇ ਅਧਿਕਾਰੀਆਂ ਤੋਂ ਵੀ ਉਨ੍ਹਾਂ ਵੱਲੋਂ ਕੀਤੇ ਗਏ ਕੰਮ ਬਾਰੇ ਜਾਣਕਾਰੀ ਹਾਸਲ ਕੀਤੀ ਕਿ ਸ਼ਹਿਰ ’ਚ ਕਿੰਨੇ ਟਰੀਟਮੈਂਟ ਪਲਾਂਟ ਹਨ ਤੇ ਇਨ੍ਹਾਂ ਦੀ ਸਥਿਤੀ ਕੀ ਹੈ? ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਤੱਕ ਸੀਬੀਜੀ ਪਲਾਂਟ ਨਹੀਂ ਲੱਗਦਾ ਜਾਂ ਨਾਲੀਆਂ ਰਾਹੀਂ ਗੋਬਰ ਆਉਣਾ ਬੰਦ ਨਹੀਂ ਹੁੰਦਾ ਉਦੋਂ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ। ਇਸ ਮੌਕੇ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੀਟਿੰਗ ਦੌਰਾਨ ਪੀਪੀਟੀ ਦਿਖਾਉਂਦਿਆਂ ਕਿਹਾ ਕਿ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੇ ਬਿਨਾਂ ਸਮੱਸਿਆ ਹੱਲ ਨਹੀਂ ਹੋਣੀ। ਉਨ੍ਹਾਂ ਕਿਹਾ ਕਿ ਹਰ ਵਿਭਾਗ ਇੱਕ ਦੂਜੇ ’ਤੇ ਦੋਸ਼ ਲਾ ਕੇ ਆਪ ਸਾਫ਼ ਬਰੀ ਹੋਣ ਦਾ ਭਰਮ ਪਾਲ ਰਿਹਾ ਹੈ, ਜਦਕਿ ਸਾਰੇ ਅਧਿਕਾਰੀ ਬੁੱਢੇ ਦਰਿਆ ਨੂੰ ਪਲੀਤ ਕਰਨ ਲਈ ਜ਼ਿੰਮੇਵਾਰ ਹਨ। ਉਨ੍ਹਾਂ ਰਾਜਪਾਲ ਪੰਜਾਬ ਨੂੰ ਦੱਸਿਆ ਕਿ ਨੈਸ਼ਨਲ ਹਾਈਵੇ ’ਤੇ ਬਣੇ ਪੁਲ਼ ਹੇਠੋਂ 100 ਟਿੱਪਰ ਮਲਬੇ ਅਤੇ ਗਾਰ ਦੇ ਕੱਢੇ ਗਏ ਸਨ। ਇਸ ਲਈ ਕਿਹੜਾ ਵਿਭਾਗ ਜ਼ਿੰਮੇਵਾਰ ਹੈ ਕੋਈ ਨਹੀਂ ਦੱਸ ਰਿਹਾ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨਿਭਾਈ ਹੁੰਦੀ ਤਾਂ ਬੁੱਢਾ ਦਰਿਆ ਕਦੇ ਪਲੀਤ ਨਹੀਂ ਸੀ ਹੋਣਾ। ਇਸ ਦੌਰਾਨ ਸੰਤ ਸੀਚੇਵਾਲ ਨੇ ਪੰਜਾਬ ਦੇ ਰਾਜਪਾਲ ਤੇ ਡਿਪਟੀ ਕਮਿਸ਼ਨਰ ਨੂੰ 25 ਨੁਕਤਿਆਂ ਵਾਲਾ ਏਜੰਡਾ ਸੌਂਪਿਆ। ਇਸ ’ਚ ਉਹ ਸਾਰੇ ਪਹਿਲੂ ਹਨ ਜਿਹੜੇ ਬੁੱਢੇ ਦਰਿਆ ਨੂੰ ਸਾਫ਼ ਕਰਨ ’ਚ ਅੜਿੱਕਾ ਬਣ ਰਹੇ ਹਨ ਅਤੇ ਵਾਤਾਵਰਨ ਨੂੰ ਗੰਧਲਾ ਕਰ ਰਹੇ ਹਨ। ਡਿਪਟੀ ਕਮਿਸ਼ਨਰ ਹਿਮਾਸ਼ੂ ਜੈਨ ਵੱਲੋਂ ਭਰੋਸਾ ਦਿੱਤਾ ਗਿਆ ਕਿ ਅਗਲੇ ਦੋ ਹਫ਼ਤਿਆਂ ਤੱਕ ਬੁੱਢੇ ਦਰਿਆ ਦੀ ਨਿਸ਼ਾਨਦੇਹੀ ਕਰ ਦਿੱਤੀ ਜਾਵੇਗੀ ਤੇ ਇਸ ਦੇ ਕਿਨਾਰੇ ’ਤੇ ਨਾਜਾਇਜ਼ ਕਬਜ਼ੇ ਹਟਾ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਬੁੱਢਾ ਦਰਿਆ ’ਤੇ ਬਣੇ ਸੰਗਤ ਘਾਟ ’ਤੇ ਪਹੁੰਚੇ ਜਿੱਥੇ ਉਨ੍ਹਾਂ ਨੇ ਦਰਿਆ ਦੇ ਸਾਫ਼ ਹੋਏ ਪਾਣੀ ਨੂੰ ਬੜੇ ਉਤਸ਼ਾਹ ਨਾਲ ਦੇਖਿਆ। ਸੰਤ ਸੀਚੇਵਾਲ ਨੇ ਇਸ ਮੌਕੇ ਦਰਿਆ ਦੇ ਪਾਣੀ ਦਾ ਟੀਡੀਐੱਸ ਵੀ ਚੈੱਕ ਕਰਵਾਇਆ, ਜਿਹੜਾ ਕਿ 175 ਦੇ ਕਰੀਬ ਸੀ। ਉਨ੍ਹਾਂ ਇੱਥੇ ਲੱਗੇ ਤੰਬੂ ’ਚ ਵੀ ਪੀਪੀਸੀਬੀ, ਨਗਰ ਨਿਗਮ ਦੇ ਅਧਿਕਾਰੀਆਂ ਤੇ ਡਿਪਟੀ ਕਮਿਸ਼ਨਰ ਨਾਲ ਬੁੱਢੇ ਦਰਿਆ ਦੀ ਸਫਾਈ ਬਾਰੇ ਚਰਚਾ ਕੀਤੀ ਤੇ ਇਸ ਸਫਾਈ ’ਚ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਬੁੱਢੇ ਦਰਿਆ ਦੀ ਸਫਾਈ ਦਾ ਜਾਇਜ਼ਾ ਲੈਣ ਲਈ ਅਗਲੀ ਮੀਟਿੰਗ 22 ਦਸੰਬਰ ਨੂੰ ਕੀਤੀ ਜਾਵੇਗੀ।

