ਕਿਹਾ, ਗੁਰੂ ਸਾਹਿਬ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਹੈ ਪੁਸਤਕ
ਜਲੰਧਰ, 
ਇਥੇ ਇਕ ਧਾਰਮਿਕ ਤੇ ਸ਼ਰਧਾਪੂਰਵਕ ਸਮਾਗਮ ਦੌਰਾਨ ਧਾਰਮਿਕ ਵਿਰਾਸਤੀ ਪੁਸਤਕ ‘ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਜੀਵਨ ਯਾਤਰਾ’ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੂੰ ਭੇਟ ਕੀਤੀ ਗਈ। ਪੰਜਾਬ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਵੱਲੋਂ ਲਿਖੀ ਗਈ ਇਹ ਪੁਸਤਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਹੈ ਅਤੇ ਇਸਦਾ ਉਦੇਸ਼ ਵੱਖ-ਵੱਖ ਭਾਈਚਾਰਿਆਂ ਨੂੰ ਗੁਰੂ ਸਾਹਿਬ ਜੀ ਦੇ ਜੀਵਨ, ਸਿੱਖਿਆਵਾਂ ਅਤੇ ਲਾਸਾਨੀ ਸ਼ਹਾਦਤ ਬਾਰੇ ਜਾਣੂ ਕਰਵਾਉਣਾ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਪੰਜਾਬ ਰਾਜ ਭਵਨ ਵਿਖੇ ਜਾਰੀ ਕੀਤੀ ਗਈ ਇਹ ਪੁਸਤਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਯਾਤਰਾ ਨੂੰ ਇਤਿਹਾਸਕ ਗੁਰਦੁਆਰਿਆਂ ਅਤੇ ਉਨ੍ਹਾਂ ਦੀ ਮੌਜੂਦਗੀ ਨਾਲ ਪਾਵਨ ਹੋਏ ਪਵਿੱਤਰ ਅਸਥਾਨਾਂ ਦੇ ਵਰਣਨ ਰਾਹੀਂ ਦਰਸਾਉਂਦੀ ਹੈ। ਇਸ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਜੀਵਨ ਯਾਤਰਾ ਨੂੰ ਦਰਸਾਉਂਦਾ ਇਕ ਤਸਵੀਰਾਂ ਵਾਲਾ ਬ੍ਰੋਸ਼ਰ ਵੀ ਜਾਰੀ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਇਸ ਉਪਰਾਲੇ ਨੂੰ ਗੁਰੂ ਸਾਹਿਬ ਜੀ ਦੀ ਵਿਰਾਸਤ ਨੂੰ ਜਨਤਾ ਦੇ ਨੇੜੇ ਲਿਜਾਣ ਦਾ ਇਕ ਸਾਰਥਕ ਯਤਨ ਦੱਸਿਆ। ਉਨ੍ਹਾਂ ਹਰਪ੍ਰੀਤ ਸੰਧੂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਸਿੱਖਿਆਵਾਂ ਅਤੇ ਸੰਦੇਸ਼ ਨੂੰ ਹੋਰ ਫੈਲਾਉਣ ਲਈ ਇਸ ਪੁਸਤਕ ਨੂੰ ਸੰਕਲਿਤ ਕੀਤਾ। ਉਪਰੰਤ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਨੇ ਲੈਫਟੀਨੈਂਟ ਜਨਰਲ ਅਜੈ ਚਾਂਦਪੁਰੀਆ, ਜਨਰਲ ਅਫ਼ਸਰ ਕਮਾਂਡਿੰਗ 11 ਕੋਰ; ਏ.ਡੀ.ਜੀ.ਪੀ. ਪੀ.ਏ.ਪੀ. ਐਮ.ਐਫ. ਫਾਰੂਕੀ, ਆਈ.ਪੀ.ਐਸ. ਅਤੇ ਬੀ.ਐਸ.ਐਫ. ਦੇ ਇੰਸਪੈਕਟਰ ਜਨਰਲ ਡਾ. ਅਤੁਲ ਫੁਲਜ਼ੇਲੇ ਨਾਲ ਵੀ ਯਾਦਗਾਰੀ ਪੁਸਤਕ ਦੀਆਂ ਕਾਪੀਆਂ ਸਾਂਝੀਆਂ ਕੀਤੀਆਂ। ਫੌਜ, ਪੰਜਾਬ ਆਰਮਡ ਪੁਲਿਸ ਅਤੇ ਸੀਮਾ ਸੁਰੱਖਿਆ ਬਲ ਦੇ ਨੁਮਾਇੰਦਿਆਂ ਨੇ ਸ਼ਹਿਰ ਭਰ ਵਿੱਚ ਸੰਖੇਪ ਸਮਾਗਮਾਂ ਦੌਰਾਨ ਸਮੂਹਿਕ ਤੌਰ ‘ਤੇ ਗੁਰੂ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

