ਜਲੰਧਰ। 
ਜਲੰਧਰ ਵਿੱਚ ਐਤਵਾਰ ਸਵੇਰੇ ਸੰਘਣੀ ਧੁੰਦ ਕਾਰਨ ਡੀ.ਏ.ਵੀ. ਕਾਲਜ ਫਲਾਈਓਵਰ ਤੋਂ ਮਕਸੂਦਾਂ ਰੋਡ ‘ਤੇ ਵੇਰਕਾ ਦੁੱਧ ਦੀ ਇੱਕ ਗੱਡੀ ਗੰਦੇ ਨਾਲੇ ਵਿੱਚ ਡਿੱਗ ਗਈ। ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਵਿੱਚ ਡਰਾਈਵਰ ਵਾਲ-ਵਾਲ ਬਚ ਗਿਆ। ਡਰਾਈਵਰ ਨੇ ਇਸ ਹਾਦਸੇ ਲਈ ਸਥਾਨਕ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਵੇਰਕਾ ਦੁੱਧ ਦੀ ਗੱਡੀ ਚਲਾ ਰਹੇ ਜਸਵੀਰ ਸਿੰਘ ਨੇ ਦੱਸਿਆ ਕਿ ਤੜਕੇ ਸਵੇਰੇ ਧੁੰਦ ਦਾ ਕਹਿਰ ਸੀ। ਜ਼ੀਰੋ ਵਿਜ਼ੀਬਿਲਟੀ ਕਾਰਨ ਸੜਕ ‘ਤੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਉਹ ਡੀ.ਏ.ਵੀ. ਫਲਾਈਓਵਰ ਤੋਂ ਮਕਸੂਦਾਂ ਵੱਲ ਜਾ ਰਹੇ ਸਨ। ਪ੍ਰਸ਼ਾਸਨ ਵੱਲੋਂ ਗੰਦੇ ਨਾਲੇ ‘ਤੇ ਕੋਈ ਨਿਸ਼ਾਨਦੇਹੀ ਜਾਂ ਚਿਤਾਵਨੀ ਬੋਰਡ ਨਾ ਲਗਾਉਣ ਕਾਰਨ ਅਤੇ ਸੰਘਣੀ ਧੁੰਦ ਦੇ ਚੱਲਦਿਆਂ ਗੱਡੀ ਨਾਲੇ ਵਿੱਚ ਜਾ ਡਿੱਗੀ। ਘਟਨਾ ਵਾਲੀ ਥਾਂ ‘ਤੇ ਪਹੁੰਚੇ ਥਾਣਾ ਨੰਬਰ-1 ਦੇ ਪੁਲਿਸ ਅਧਿਕਾਰੀ ਕੁਲਵਿੰਦਰ ਸਿੰਘ ਨੇ ਕਿਹਾ, ”ਡੀ.ਏ.ਵੀ. ਕਾਲਜ ਵਾਲੇ ਪਾਸਿਓਂ ਵੇਰਕਾ ਦੀ ਗੱਡੀ ਆ ਰਹੀ ਸੀ, ਪਰ ਸੰਘਣੀ ਧੁੰਦ ਕਾਰਨ ਡਰਾਈਵਰ ਨੂੰ ਕੁਝ ਦਿਖਾਈ ਨਹੀਂ ਦਿੱਤਾ। ਇਸ ਕਾਰਨ ਗੱਡੀ ਗੰਦੇ ਨਾਲੇ ਵਿੱਚ ਡਿੱਗ ਗਈ। ਚੰਗੀ ਗੱਲ ਇਹ ਰਹੀ ਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ।” ਸਥਾਨਕ ਲੋਕਾਂ ਨੇ ਪ੍ਰਸ਼ਾਸਨ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਦੋ-ਤਿੰਨ ਵਾਰ ਗੱਡੀਆਂ ਇਸ ਨਾਲੇ ਵਿੱਚ ਡਿੱਗ ਚੁੱਕੀਆਂ ਹਨ, ਪਰ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਗੰਦੇ ਨਾਲੇ ਦੇ ਅੱਗੇ ਚਿਤਾਵਨੀ ਬੋਰਡ ਲਗਾਇਆ ਜਾਵੇ ਜਾਂ ਕੰਧ ਬਣਾਈ ਜਾਵੇ ਤਾਂ ਜੋ ਹਾਦਸਿਆਂ ਨੂੰ ਰੋਕਿਆ ਜਾ ਸਕੇ।

