ਕਟੜਾ : 
ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਨੇ ਸ਼ਰਧਾਲੂਆਂ ਦੀ ਸੁਰੱਖਿਆ ਤੇ ਭੀੜ ਮੈਨੇਜਮੈਂਟ ਨੂੰ ਧਿਆਨ ’ਚ ਰੱਖਦੇ ਹੋਏ ਯਾਤਰਾ ਨਿਯਮਾਂ ’ਚ ਅਹਿਮ ਤਬਦੀਲੀਆਂ ਕੀਤੀਆਂ ਹਨ। ਆਰਐੱਫਆਈਡੀ ਯਾਤਰਾ ਕਾਰਡ ਮਿਲਣ ਤੋਂ ਬਾਅਦ ਸ਼ਰਧਾਲੂਆਂ ਨੂੰ 10 ਘੰਟਿਆਂ ਦੇ ਅੰਦਰ-ਅੰਦਰ ਮਾਂ ਵੈਸ਼ਨੋ ਦੇਵੀ ਦੀ ਯਾਤਰਾ ਸ਼ੁਰੂ ਕਰਨੀ ਹੋਵੇਗੀ ਤੇ 24 ਘੰਟਿਆਂ ’ਚ ਪੂਰੀ ਕਰ ਕੇ ਕਟੜਾ ਵਾਪਸ ਆਉਣਾ ਹੋਵੇਗਾ। ਇਹ ਨਵੇਂ ਨਿਯਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ। ਸ਼੍ਰਾਈਨ ਬੋਰਡ ਦਾ ਕਹਿਣਾ ਹੈ ਕਿ ਨਵੇਂ ਨਿਯਮਾਂ ਦਾ ਮੰਤਵ ਸ਼ਰਧਾਲੂਆਂ ਨੂੰ ਪਰੇਸ਼ਾਨ ਕਰਨਾ ਨਹੀਂ ਹੈ, ਬਲਕਿ ਯਾਤਰਾ ਨੂੰ ਸੁਰੱਖਿਅਤ, ਸੁਚਾਰੂ ਤੇ ਵਿਵਸਥਤ ਕਰਨਾ ਹੈ। ਦਰਅਸਲ, ਨਵੇਂ ਸਾਲ ਤੋਂ ਪਹਿਲਾਂ ਸ਼ਰਧਾਲੂਆਂ ਦੀ ਵਾਧਾ ਸ਼ੁਰੂ ਹੋ ਗਿਆ ਹੈ। ਵਧਦੀ ਭੀੜ ਨੂੰ ਕੰਟਰੋਲ ’ਚ ਕਰਨ ਦੇ ਮੰਤਵ ਨਾਲ ਨਿਯਮ ਬਦਲੇ ਗਏ ਹਨ। ਬੋਰਡ ਨੇ ਯਾਤਰਾ ਰਜਿਸਟ੍ਰੇਸ਼ਨ ਕੇਂਦਰ ’ਚ ਮੌਜੂਦ ਮੁਲਾਜ਼ਮਾਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਸ਼ਰਧਾਲੂਆਂ ਨੂੰ ਨਵੇਂ ਨਿਯਮਾਂ ਦੇ ਸਬੰਧ ’ਚ ਦੱਸਣ। ਸ਼ਰਧਾਲੂ ਭਾਵੇਂ ਪੈਦਲ ਯਾਤਰਾ ਕਰਨ, ਹੈਲੀਕਾਪਟਰ ਨਾਲ ਜਾਂ ਬੈਟਰੀ ਕਾਰ ਨਾਲ, ਸਾਰਿਆਂ ਲਈ ਇਕੋ ਨਿਯਮ ਹੋਣਗੇ। ਕਟੜਾ ਰੇਲਵੇ ਸਟੇਸ਼ਨ ਸਤਿਤ ਰਜਿਸਟ੍ਰੇਸ਼ਨ ਕੇਂਦਰ ਦਾ ਸਮਾਂ ਰਾਤ 10 ਵਜੇ ਤੋਂ ਵਧਾ ਕੇ 12 ਵਜੇ ਤੱਕ ਕਰ ਦਿੱਤਾ ਗਿਆ ਹੈ। ਦਰਸ਼ਨ ਡਿਓਢੀ ਤੇ ਤਾਰਾਕੋਟ ਮਾਰਗ ਦੇ ਦਾਖ਼ਲਾ ਦੁਆਰ ’ਤੇ ਰਜਿਸਟ੍ਰੇਸ਼ਨ ਕੇਂਦਰ 24 ਘੰਟੇ ਸੰਚਾਲਿਤ ਕੀਤੇ ਜਾ ਰਹੇ ਹਨ ਤਾਂਕਿ ਦੇਰ ਰਾਤ ਪਹੁੰਚਣ ਵਾਲੇ ਯਾਤਰੀਆਂ ਨੂੰ ਪਰੇਸ਼ਾਨੀ ਨਾ ਹੋਵੇ।

