ਲੁਧਿਆਣਾ :
ਸਤਲੁਜ ਕਿਨਾਰੇ ਲਗਾਤਾਰ ਖੁਰਨ ਕਾਰਨ ਹੁਣ ਚਾਰ ਥਾਵਾਂ ’ਤੇ ਸਥਿਤੀ ਨਾਜ਼ੁਕ ਬਣਨ ਲੱਗੀ ਹੈ। ਸਸਰਾਲੀ ਕਾਲੋਨੀ ਦੇ ਬਾਅਦ ਗੌਂਸਗੜ੍ਹ, ਗੜੀ ਫ਼ਜਲ ਤੇ ਚਾਹੜ ਵਿਚ ਅੱਜ ਸਤਲੁਜ ਕਿਨਾਰੇ ਨਾਜ਼ੁਕ ਹੋ ਗਏ ਅਤੇ ਇਨ੍ਹਾਂ ਦੇ ਟੁੱਟਣ ਦਾ ਖ਼ਤਰਾ ਬਣ ਗਿਆ। ਇਸ ‘ਤੇ ਪ੍ਰਸ਼ਾਸਨ ਅਲਰਟ ਹੋਇਆ ਤੇ ਇੱਥੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ। ਨਾਜ਼ੁਕ ਹਾਲਾਤ ਦੇ ਬਾਵਜੂਦ ਹਾਲੇ ਵੀ ਸਥਿਤੀ ਅੰਡਰ ਕੰਟਰੋਲ ਹੈ। ਪਹਾੜਾਂ ‘ਚ ਬਾਰਿਸ਼ ਘੱਟ ਹੋਣ ਕਾਰਨ ਡੈਮਾਂ ਤੋਂ ਸਤਲੁਜ ’ਚ ਪਾਣੀ ਘੱਟ ਛੱਡਿਆ ਜਾ ਰਿਹਾ ਹੈ, ਸਿਰਫ਼ ਇਹੀ ਕਾਰਨ ਹੈ ਕਿ ਸਤਲੁਜ ’ਚ ਪਾਣੀ ਦਾ ਪੱਧਰ ਕਾਫ਼ੀ ਘੱਟ ਹੋ ਗਿਆ ਹੈ ਅਤੇ ਇਹੀ ਕਾਰਨ ਹੈ ਕਿ ਇਸ ਸਮੇਂ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ। ਸਸਰਾਲੀ ਕਾਲੋਨੀ ’ਚ ਟੁੱਟੇ ਕਿਨਾਰੇ ਤੋਂ ਲਗਾਤਾਰ ਪਾਣੀ ਬਾਹਰ ਨਿਕਲ ਰਿਹਾ ਹੈ ਅਤੇ ਖੇਤਾਂ ’ਚ ਲਗਾਤਾਰ ਵਹਿ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦੋ ਦਿਨਾਂ ਤੋਂ ਸਸਰਾਲੀ ਕਾਲੋਨੀ ’ਚ ਟੁੱਟੇ ਕਿਨਾਰੇ ਕਾਰਨ ਪਾਣੀ ਲਗਾਤਾਰ ਸਤਲੁਜ ਤੋਂ ਬਾਹਰ ਆ ਰਿਹਾ ਹੈ ਅਤੇ ਖੇਤਾਂ ਵਿਚ ਆਪਣੀ ਜਗ੍ਹਾ ਲੈ ਰਿਹਾ ਹੈ। ਸਤਲੁਜ ਨੇ ਆਪਣਾ ਦਾਇਰਾ ਦੋ ਕਿਲੋਮੀਟਰ ਹੋਰ ਵਧਾ ਲਿਆ ਹੈ। ਦੇਰ ਰਾਤ ਗੜੀ ਫ਼ਜ਼ਲ ਤੇ ਗੌਂਸਗੜ੍ਹ ’ਚ ਚੱਲ ਰਹੇ ਖੋਰੇ ਕਰ ਕੇ ਕਿਨਾਰੇ ਟੁੱਟਣ ਦਾ ਖਤਰਾ ਬਣਿਆ ਹੋਇਆ ਸੀ। ਜਿਸ ਕਾਰਨ ਇੱਥੇ ਲੋਕਾਂ ’ਚ ਬੈਚੇਨੀ ਦਿਖਾਈ ਦਿੱਤੀ।