ਜਲੰਧਰ, Major Times
ਪੰਜਾਬ — 2 ਅਕਤੂਬਰ, 2026: ਹਾਕੀ ਪੰਜਾਬ ਦੇ ਪ੍ਰਧਾਨ ਅਤੇ ਹਾਕੀ ਇੰਡੀਆ ਦੇ ਉਪ-ਪ੍ਰਧਾਨ ਨਿਤਿਨ ਕੋਹਲੀ , ਜਨਰਲ ਸਕੱਤਰ ਅਮਰੀਕ ਸਿੰਘ ਪੋਵਾਰ ਅਤੇ ਹਾਕੀ ਪੰਜਾਬ ਦੇ ਸਮੂਹ ਮੈਂਬਰਾਂ ਸਮੇਤ, ਜਪਾਨ ਵਿੱਚ ਕਰਵਾਈਆਂ ਗਈਆਂ 20ਵੀਆਂ ਏਸ਼ੀਅਨ ਖੇਡਾਂ ਦੇ ਫਾਈਨਲ ਵਿੱਚ ਚੀਨ ਨੂੰ 1-0 ਨਾਲ ਹਰਾ ਕੇ ਸੋਨ ਤਗਮਾ ਜਿੱਤਣ ‘ਤੇ ਭਾਰਤੀ ਮਹਿਲਾ ਹਾਕੀ ਟੀਮ, ਕੋਚਿੰਗ ਸਟਾਫ਼ ਅਤੇ ਹਾਕੀ ਇੰਡੀਆ ਨੂੰ ਦਿਲੋਂ ਵਧਾਈ ਦਿੱਤੀ। ਇਹ ਸੋਨ ਤਗਮਾ ਪੂਰੇ ਦੇਸ਼ ਅਤੇ ਭਾਰਤੀ ਹਾਕੀ ਲਈ ਮਾਣ ਵਾਲਾ ਪਲ ਹੈ। ਟੀਮ ਦੀਆਂ ਇਨ੍ਹਾਂ ਧੀਆਂ ਨੇ ਇਸ ਸੋਕੇ ਨੂੰ ਖ਼ਤਮ ਕਰਕੇ ਦੇਸ਼ ਦਾ ਮਾਣ ਵਧਾਉਣ ਲਈ ਜ਼ਬਰਦਸਤ ਹੌਸਲਾ, ਅਨੁਸ਼ਾਸਨ ਅਤੇ ਟੀਮ ਭਾਵਨਾ ਦਿਖਾਈ ਹੈ। ਉਮੀਦ ਹੈ ਕਿ ਇਹ ਜਿੱਤ ਪੰਜਾਬ ਅਤੇ ਦੇਸ਼ ਭਰ ਦੀਆਂ ਨੌਜਵਾਨ ਲੜਕੀਆਂ ਦੀ ਇੱਕ ਨਵੀਂ ਪੀੜ੍ਹੀ ਨੂੰ ਹਾਕੀ ਅਪਣਾਉਣ ਲਈ ਪ੍ਰੇਰਿਤ ਕਰੇਗੀ। 44 ਲੰਬੇ ਸਾਲਾਂ ਦੀ ਉਡੀਕ ਤੋਂ ਬਾਅਦ, ਭਾਰਤੀ ਮਹਿਲਾ ਹਾਕੀ ਨੂੰ ਏਸ਼ੀਅਨ ਖੇਡਾਂ ਵਿੱਚ ਆਖ਼ਰਕਾਰ ਸੋਨ ਤਗਮਾ ਮਿਲਿਆ ਹੈ — ਇਹ ਇੱਕ ਸੱਚੀ ਇਤਿਹਾਸਕ ਜਿੱਤ ਹੈ ਜੋ ਪੀੜ੍ਹੀਆਂ ਤੱਕ ਯਾਦ ਰੱਖੀ ਜਾਵੇਗੀ। ਪੰਜਾਬ ਦੇ ਮਾਣ ਵਿੱਚ ਵਾਧਾ ਕਰਦਿਆਂ, ਸੂਬੇ ਦੀ ਧੀ ਬਲਜੀਤ ਕੌਰ, ਜੋ ਟੀਮ ਵਿੱਚ ਪੰਜਾਬ ਦੀ ਇਕਲੌਤੀ ਖਿਡਾਰਨਕਰ ਵੀ ਇਸ ਜੇਤੂ ਟੀਮ ਦਾ ਹਿੱਸਾ ਰਹੀ। ਇਸ ਇਤਿਹਾਸਕ ਜਿੱਤ ਨੇ ਭਾਰਤ ਲਈ 2028 ਲਾਸ ਏਂਜਲਸ ਓਲੰਪਿਕ ਵਿੱਚ ਸਿੱਧੀ ਕੁਆਲੀਫਿਕੇਸ਼ਨ ਵੀ ਯਕੀਨੀ ਬਣਾ ਦਿੱਤੀ ਹੈ।
ਭਾਰਤ ਨੇ ਫਾਈਨਲ ਵਿੱਚ ਚੀਨ ਨੂੰ 1-0 ਨਾਲ ਹਰਾਇਆ, ਜਿਸ ਵਿੱਚ ਫੈਸਲਾਕੁੰਨ ਗੋਲ ਲਾਲਰੇਮਸਿਆਮੀ ਨੇ 10ਵੇਂ ਮਿੰਟ ਵਿੱਚ ਕੀਤਾ, ਇੱਕ ਜ਼ੋਰਦਾਰ ਸ਼ਾਟ ਜਿਸਨੇ ਚੀਨੀ ਰੱਖਿਆ ਪੰਕਤੀ ਨੂੰ ਭੇਦ ਦਿੱਤਾ। ਤਜਰਬੇਕਾਰ ਗੋਲਕੀਪਰ ਸਵਿਤਾ ਪੂਨੀਆ ਨੇ ਇੱਕ ਪੈਨਲਟੀ ਸਟ੍ਰੋਕ ‘ਤੇ ਅਹਿਮ ਬਚਾਅ ਕਰਕੇ ਚੀਨ ਨੂੰ ਬਰਾਬਰੀ ਦਾ ਮੌਕਾ ਨਹੀਂ ਦਿੱਤਾ, ਜਿਸ ਨਾਲ ਭਾਰਤ ਦੀ ਜਿੱਤ ਪੱਕੀ ਹੋਈ।
ਹਾਕੀ ਪੰਜਾਬ ਨੇ ਭਾਰਤੀ ਪੁਰਸ਼ ਹਾਕੀ ਟੀਮ ਨੂੰ ਵੀ ਸ਼ੁਭਕਾਮਨਾਵਾਂ ਦਿੱਤੀਆਂ, ਜੋ ਆਪਣਾ ਫਾਈਨਲ ਮੁਕਾਬਲਾ ਖੇਡਣ ਜਾ ਰਹੀ ਹੈ, ਅਤੇ ਉਮੀਦ ਜਤਾਈ ਕਿ ਪੁਰਸ਼ ਟੀਮ ਵੀ ਸੋਨ ਤਗਮਾ ਜਿੱਤ ਕੇ ਇਨ੍ਹਾਂ ਏਸ਼ੀਅਨ ਖੇਡਾਂ ਵਿੱਚ ਭਾਰਤ ਲਈ ਸੁਨਹਿਰੀ ਦੋਹਰੀ ਸਫ਼ਲਤਾ ਪੂਰੀ ਕਰੇਗੀ। ਪੂਰਾ ਦੇਸ਼ ਅਤੇ ਹਰ ਥਾਂ ਦੇ ਭਾਰਤੀ ਹਾਕੀ ਪ੍ਰਸ਼ੰਸਕ ਮਹਿਲਾ ਟੀਮ ਦੀ ਇਸ ਪ੍ਰਾਪਤੀ ‘ਤੇ ਬੇਹੱਦ ਮਾਣ ਮਹਿਸੂਸ ਕਰ ਰਹੇ ਹਨ।
