– ਅਦਾਲਤ ਨੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ, ਇਸਤਗਾਸਾ ਪੱਖ ਦੋਸ਼ ਸਾਬਤ ਕਰਨ ਵਿੱਚ ਰਿਹਾ ਅਸਫਲ
– ਬਚਾਅ ਪੱਖ ਦੇ ਵਕੀਲ ਤਰਨਜੋਤ ਸਿੰਘ ਸਿੱਧਾਨਾ ਦੀ ਜਿਰ੍ਹਾ ਦੌਰਾਨ ਸਾਹਮਣੇ ਆਈਆਂ ਕਈ ਅਹਿਮ ਵਿਰੋਧਾਭਾਸੀਆਂ

ਜਲੰਧਰ, Major Times
13 ਸਾਲਾਂ ਦੀ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਸਾਬਕਾ ਫੌਜੀ ਪ੍ਰਕਾਸ਼ ਚੰਦ ਨੂੰ ਅਦਾਲਤ ਵੱਲੋਂ ਰਾਹਤ ਮਿਲੀ ਹੈ। ਵਧੀਕ ਸੈਸ਼ਨ ਜੱਜ ਰਜਨੀ ਛੋਕਰਾ ਦੀ ਅਦਾਲਤ ਨੇ ਸਾਰੇ ਅਪਰਾਧਿਕ ਦੋਸ਼ਾਂ ਤੋਂ ਪ੍ਰਕਾਸ਼ ਚੰਦ ਨੂੰ ਬਰੀ ਕਰ ਦਿੱਤਾ। ਅਦਾਲਤ ਨੇ ਮਾਮਲੇ ਵਿੱਚ ਲਗਾਏ ਗਏ ਦੋਸ਼ਾਂ ਨੂੰ ਪੂਰੀ ਤਰ੍ਹਾਂ ਝੂਠਾ ਅਤੇ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਇਸਤਗਾਸਾ ਪੱਖ ਦੋਸ਼ਾਂ ਨੂੰ ਸਾਬਤ ਕਰਨ ਵਿੱਚ ਅਸਫਲ ਰਿਹਾ।
ਮਾਮਲਾ ਸਾਲ 2013 ਦਾ ਹੈ। ਸ਼ਿਕਾਇਤਕਰਤਾ ਨੇ ਆਪਣੇ ਪਤੀ ਸੁਧੀਰ ਕੁਮਾਰ, ਸਹੁਰੇ ਪ੍ਰਕਾਸ਼ ਚੰਦ ਅਤੇ ਦਿਓਰਾਂ ਸਤੀਸ਼ ਕੁਮਾਰ ਤੇ ਸੁਰੇਸ਼ ਕੁਮਾਰ ਵਿਰੁੱਧ ਜਲੰਧਰ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ। ਪੁਲਿਸ ਵੱਲੋਂ ਐੱਫਆਈਆਰ ਦਰਜ ਨਾ ਕੀਤੇ ਜਾਣ ਤੋਂ ਬਾਅਦ ਸ਼ਿਕਾਇਤਕਰਤਾ ਨੇ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਧਾਰਾ 406, 498-ਏ, 376 ਅਤੇ 34 ਆਈਪੀਸੀ ਤਹਿਤ ਨਿੱਜੀ ਸ਼ਿਕਾਇਤ ਦਰਜ ਕਰਵਾਈ ਸੀ।
ਮੁੱਢਲੀ ਕਾਰਵਾਈ ਤੋਂ ਬਾਅਦ ਅਦਾਲਤ ਨੇ ਸੁਧੀਰ ਕੁਮਾਰ ਅਤੇ ਪ੍ਰਕਾਸ਼ ਚੰਦ ਨੂੰ ਤਲਬ ਕੀਤਾ ਸੀ। ਬਾਅਦ ਵਿੱਚ ਸੁਧੀਰ ਕੁਮਾਰ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ। ਸਾਬਕਾ ਫੌਜੀ ਪ੍ਰਕਾਸ਼ ਚੰਦ ਨੇ ਤਲਬੀ ਦੇ ਹੁਕਮ ਨੂੰ ਰੱਦ ਕਰਵਾਉਣ ਲਈ ਹਾਈ ਕੋਰਟ ਦਾ ਰੁਖ ਕੀਤਾ ਸੀ। ਸਾਲ 2025 ਵਿੱਚ ਹਾਈ ਕੋਰਟ ਨੇ ਉਨ੍ਹਾਂ ਨੂੰ ਟਰਾਇਲ ਕੋਰਟ ਵਿੱਚ ਪੇਸ਼ ਹੋ ਕੇ ਮੁਕੱਦਮੇ ਦਾ ਸਾਹਮਣਾ ਕਰਨ ਦੇ ਨਿਰਦੇਸ਼ ਦਿੱਤੇ ਸਨ, ਜਿਸ ਤੋਂ ਬਾਅਦ ਮਾਮਲਾ ਸੈਸ਼ਨ ਅਦਾਲਤ ਵਿੱਚ ਚਲਾ ਗਿਆ।
ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲ ਐਡਵੋਕੇਟ ਤਰਨਜੋਤ ਸਿੰਘ ਸਿੱਧਾਨਾ ਵੱਲੋਂ ਕੀਤੀ ਗਈ ਜਿਰ੍ਹਾ ਦੌਰਾਨ ਸ਼ਿਕਾਇਤਕਰਤਾ ਦੇ ਬਿਆਨਾਂ ਵਿੱਚ ਕਈ ਵਿਰੋਧਾਭਾਸ ਸਾਹਮਣੇ ਆਏ। ਬਚਾਅ ਪੱਖ ਨੇ ਅਦਾਲਤ ਵਿੱਚ ਇਹ ਵੀ ਦਰਸਾਇਆ ਕਿ ਕਥਿਤ ਘਟਨਾ ਤੋਂ ਦੋ ਦਿਨ ਬਾਅਦ ਮੈਡੀਕਲ ਜਾਂਚ ਕਰਵਾਈ ਗਈ ਸੀ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਦੀ ਮਾਮੀ ਉਸ ਸਮੇਂ ਸਿਵਲ ਹਸਪਤਾਲ ਵਿੱਚ ਡਾਕਟਰ ਵਜੋਂ ਤਾਇਨਾਤ ਸੀ ਅਤੇ ਬਚਾਅ ਪੱਖ ਨੇ ਦਲੀਲ ਦਿੱਤੀ ਕਿ ਮੈਡੀਕਲ ਰਿਪੋਰਟ ਉਨ੍ਹਾਂ ਦੇ ਕਹਿਣ ‘ਤੇ ਤਿਆਰ ਕੀਤੀ ਗਈ ਸੀ। ਸਬੰਧਤ ਡਾਕਟਰ ਵੀ ਰਿਪੋਰਟ ਦੀ ਪੁਸ਼ਟੀ ਲਈ ਅਦਾਲਤ ਵਿੱਚ ਗਵਾਹੀ ਦੇਣ ਨਹੀਂ ਆਏ।
ਜਿਰ੍ਹਾ ਦੌਰਾਨ ਸ਼ਿਕਾਇਤਕਰਤਾ ਨੇ ਇਹ ਵੀ ਮੰਨਿਆ ਕਿ ਇਸ ਤੋਂ ਪਹਿਲਾਂ ਜਲੰਧਰ ਦੇ ਐੱਸਪੀ ਵੱਲੋਂ ਕੀਤੀ ਗਈ ਜਾਂਚ ਵਿੱਚ ਮੁਲਜ਼ਮਾਂ ਨੂੰ ਬੇਕਸੂਰ ਪਾਇਆ ਗਿਆ ਸੀ। ਇਸੇ ਤਰ੍ਹਾਂ ਸ਼ਿਕਾਇਤਕਰਤਾ ਦੇ ਪਿਤਾ ਦੀ ਗਵਾਹੀ ਦੌਰਾਨ ਕਥਿਤ ਦਾਜ ਦੇ ਸਾਮਾਨ ਦੀ ਖਰੀਦ ਸਬੰਧੀ ਕੋਈ ਬਿੱਲ ਜਾਂ ਰਸੀਦ ਪੇਸ਼ ਨਾ ਕੀਤੇ ਜਾਣ ਅਤੇ ਕੱਪੜਿਆਂ ਨੂੰ ਸਬੂਤ ਵਜੋਂ ਰਿਕਾਰਡ ‘ਤੇ ਨਾ ਲਿਆਉਣ ਵਰਗੇ ਨੁਕਤੇ ਵੀ ਸਾਹਮਣੇ ਆਏ।
ਦੋਵਾਂ ਪੱਖਾਂ ਦੀਆਂ ਦਲੀਲਾਂ ਅਤੇ ਰਿਕਾਰਡ ‘ਤੇ ਮੌਜੂਦ ਸਬੂਤਾਂ ਦਾ ਮੁਲਾਂਕਣ ਕਰਨ ਤੋਂ ਬਾਅਦ ਅਦਾਲਤ ਨੇ ਪ੍ਰਕਾਸ਼ ਚੰਦ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ। ਇਸ ਫੈਸਲੇ ਨਾਲ ਸਾਬਕਾ ਫੌਜੀ ਦੀ 13 ਸਾਲਾਂ ਤੋਂ ਚੱਲ ਰਹੀ ਕਾਨੂੰਨੀ ਲੜਾਈ ਦਾ ਅੰਤ ਹੋ ਗਿਆ।
