ਅੰਮ੍ਰਿਤਸਰ: MAjor Times


ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਗਏ ਭਾਰਤੀ ਸਿੱਖ ਸ਼ਰਧਾਲੂਆਂ ਦੇ ਜਥੇ ਵਿੱਚੋਂ ਅਚਾਨਕ ਲਾਪਤਾ ਹੋਏ ਤਿੰਨ ਵਿਅਕਤੀਆਂ ਨੂੰ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਨੇ ਲੱਭ ਲਿਆ ਹੈ। ਤਿੰਨੇ ਸ਼ਰਧਾਲੂ ਇੱਕ ਹੋਟਲ ਵਿੱਚ ਠਹਿਰੇ ਹੋਏ ਮਿਲੇ, ਜਿਸ ਤੋਂ ਬਾਅਦ ਜਥੇ ਦੇ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ।
ਜਾਣਕਾਰੀ ਅਨੁਸਾਰ, ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਜਥੇ ਨੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਤੋਂ ਬਾਅਦ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਲਈ ਰਵਾਨਾ ਹੋਣਾ ਸੀ। ਇਸ ਦੌਰਾਨ ਜਦੋਂ ਸ਼ਰਧਾਲੂਆਂ ਦੀ ਗਿਣਤੀ ਕੀਤੀ ਗਈ ਤਾਂ ਤਿੰਨ ਵਿਅਕਤੀ ਘੱਟ ਪਾਏ ਗਏ। ਇਸ ਕਾਰਨ ਜਥੇ ਵਿੱਚ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ।
ਹੋਟਲ ਵਿੱਚ ਠਹਿਰੇ ਮਿਲੇ ਤਿੰਨੇ ਸ਼ਰਧਾਲੂ
ਲਾਪਤਾ ਹੋਏ ਸ਼ਰਧਾਲੂਆਂ ਦੀ ਪਛਾਣ ਬਿੱਕਰ ਸਿੰਘ ਪੁੱਤਰ ਗੁਰਦਾਸ ਰਾਮ, ਵਾਸੀ ਪਿੰਡ ਖੋਖੇਵਾਲ, ਫਿਲੌਰ (ਜਲੰਧਰ), ਵਿਕਰਮਜੀਤ ਸਿੰਘ ਪੁੱਤਰ ਕੁੰਦਨ, ਵਾਸੀ ਗੁਰੂ ਨਾਨਕ ਕਲੋਨੀ, ਤਰਨਤਾਰਨ ਰੋਡ, ਅੰਮ੍ਰਿਤਸਰ ਅਤੇ ਹਰਪ੍ਰੀਤ ਸਿੰਘ ਪੁੱਤਰ ਕਵਲਜੀਤ ਸਿੰਘ, ਵਾਸੀ ਸ਼ਹੀਦ ਊਧਮ ਸਿੰਘ ਨਗਰ, ਸੁਲਤਾਨਵਿੰਡ, ਅੰਮ੍ਰਿਤਸਰ ਵਜੋਂ ਹੋਈ ਹੈ।
ਮੁੱਢਲੀ ਜਾਣਕਾਰੀ ਮੁਤਾਬਕ, ਅੰਮ੍ਰਿਤਸਰ ਦੇ ਰਹਿਣ ਵਾਲੇ ਦੋਵੇਂ ਵਿਅਕਤੀ ਚਾਚਾ-ਭਤੀਜਾ ਹਨ ਅਤੇ ਤਿੰਨੇ ਕਿਸੇ ਹੋਰ ਹੋਟਲ ਵਿੱਚ ਰੁਕ ਗਏ ਸਨ। ਉਨ੍ਹਾਂ ਦੇ ਲੱਭ ਜਾਣ ਤੋਂ ਬਾਅਦ ਪ੍ਰਸ਼ਾਸਨ ਨੇ ਰਾਹਤ ਮਹਿਸੂਸ ਕੀਤੀ।
22 ਨਵੰਬਰ ਨੂੰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ‘ਚ ਗਿਆ ਸੀ ਜਥਾ
ਦੱਸਣਯੋਗ ਹੈ ਕਿ ਇਹ ਜਥਾ 22 ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਪਾਕਿਸਤਾਨ ਲਈ ਰਵਾਨਾ ਹੋਇਆ ਸੀ। ਇਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇ ਸ਼ਾਮਲ ਸਨ।
ਜਾਣਕਾਰੀ ਅਨੁਸਾਰ, ਇਹ ਜਥਾ 1 ਦਸੰਬਰ ਨੂੰ ਭਾਰਤ ਵਾਪਸ ਪਰਤੇਗਾ। ਵਾਹਗਾ ਸਰਹੱਦ ‘ਤੇ ਵਾਪਸੀ ਸਮੇਂ ਵੀ ਸਾਰੇ ਸ਼ਰਧਾਲੂਆਂ ਦੀ ਪਛਾਣ ਅਤੇ ਗਿਣਤੀ ਕੀਤੀ ਜਾਵੇਗੀ।
ਪਹਿਲਾਂ ਵੀ ਪਾਕਿਸਤਾਨ ਵਿੱਚ ਰਹਿ ਚੁੱਕੀਆਂ ਹਨ ਦੋ ਸਿੱਖ ਔਰਤਾਂ
ਇਸ ਘਟਨਾ ਕਾਰਨ ਪ੍ਰਸ਼ਾਸਨ ਦੀ ਚਿੰਤਾ ਹੋਰ ਵਧ ਗਈ ਸੀ, ਕਿਉਂਕਿ ਇਸ ਤੋਂ ਪਹਿਲਾਂ ਵੀ ਧਾਰਮਿਕ ਯਾਤਰਾ ਦੌਰਾਨ ਪਾਕਿਸਤਾਨ ਗਈਆਂ ਦੋ ਸਿੱਖ ਔਰਤਾਂ ਦੇ ਉੱਥੇ ਰਹਿ ਜਾਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਸਾਲ 2025 ਵਿੱਚ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਗਏ ਜਥੇ ਵਿੱਚ ਸ਼ਾਮਲ ਸਰਬਜੀਤ ਕੌਰ ਉੱਥੇ ਹੀ ਰਹਿ ਗਈ ਸੀ ਅਤੇ ਉਸ ਨੇ ਇੱਕ ਮੁਸਲਿਮ ਵਿਅਕਤੀ ਨਾਲ ਨਿਕਾਹ ਕਰਵਾ ਲਿਆ ਸੀ। ਇਸੇ ਤਰ੍ਹਾਂ ਸਾਲ 2018 ਵਿੱਚ ਵਿਸਾਖੀ ਮੌਕੇ ਪਾਕਿਸਤਾਨ ਗਈ ਕਿਰਨ ਬਾਲਾ ਵੀ ਵਾਪਸ ਨਹੀਂ ਪਰਤੀ ਸੀ ਅਤੇ ਉੱਥੇ ਇੱਕ ਮੁਸਲਿਮ ਵਿਅਕਤੀ ਨਾਲ ਨਿਕਾਹ ਕਰਵਾ ਲਿਆ ਸੀ।
ਹਾਲਾਂਕਿ ਇਸ ਵਾਰ ਲਾਪਤਾ ਹੋਏ ਤਿੰਨੇ ਸ਼ਰਧਾਲੂਆਂ ਦੇ ਹੋਟਲ ਵਿੱਚੋਂ ਮਿਲਣ ਨਾਲ ਵੱਡੀ ਚਿੰਤਾ ਟਲ ਗਈ ਹੈ।
