, ਚੰਡੀਗੜ੍ਹ : 
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸੜਕ ਸੁਰੱਖਿਆ ਫੋਰਸ ਲਈ ਖ਼ਰੀਦੀਆਂ ਗੱਡੀਆਂ ਵਿਚ ਵੱਡੇ ਪੱਧਰ ’ਤੇ ਹੋਈ ਗੜਬੜੀ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਸੂਬੇ ਦੇ ਪੁਲਿਸ ਮੁਖੀ ਤੋਂ ਰਿਪੋਰਟ ਮੰਗੀ ਹੈ। ਗ੍ਰਹਿ ਮਾਮਲੇ ਵਿਭਾਗ (ਪ੍ਰੈੱਸ-2 ਸ਼ਾਖਾ) ਨੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਨੂੰ ਲਿਖੇ ਪੱਤਰ ਵਿਚ ਕਿਹਾ ਕਿ ਰਾਜਪਾਲ ਪੰਜਾਬ ਤੋਂ ਪ੍ਰਾਪਤ ਹੋਈਆਂ ਪ੍ਰਤੀ ਬੇਨਤੀ, ਸ਼ਿਕਾਇਤ ਦਾ ਪੰਦਰਾਂ ਦਿਨਾਂ ਦੇ ਅੰਦਰ ਅੰਦਰ ਨਿਪਟਾਰਾ ਕਰ ਕੇ ਪ੍ਰਾਰਥੀ ਨੂੰ ਸੂਚਿਤ ਕੀਤਾ ਜਾਵੇ। ਗ੍ਰਹਿ ਮਾਮਲੇ ਵਿਭਾਗ ਨੇ ਚਿੱਠੀ ਵਿਚ ਸਪੱਸ਼ਟ ਕੀਤਾ ਹੈ ਕਿ ਭਵਿੱਖ ਵਿਚ ਪ੍ਰਾਰਥੀ ਨੂੰ ਇਹ ਵੀ ਕਿਹਾ ਜਾਵੇ ਕਿ ਉਹ ਸਿੱਧਾ ਪੱਤਰ ਵਿਹਾਰ ਡੀਜੀਪੀ ਦਫ਼ਤਰ ਨਾਲ ਕਰੇ। ਇੱਥੇ ਦੱਸਿਆ ਜਾਂਦਾ ਹੈ ਕਿ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ ਲਈ 144 ਟੋਇਟਾ ਹਿਲਕਸ ਵਾਹਨਾਂ ਦੀ ਖਰੀਦ ਵਿਚ ਘਪਲਾ ਹੋਣ ਦਾ ਦੋਸ਼ ਲਾਇਆ ਸੀ। ਖਹਿਰਾ ਦਾ ਦੋਸ਼ ਹੈ ਕਿ ਇਕ ਗੱਡੀ ਪਿੱਛੇ ਦਸ ਲੱਖ ਰੁਪਏ ਤੱਕ ਦੀ ਛੋਟ ਦਿੱਤੀ ਜਾਂਦੀ ਹੈ ਪਰ ਸਰਕਾਰ ਨੇ ਨਿਸ਼ਚਿਤ ਮੁੱਲ ’ਤੇ ਬਲਕ (ਵੱਡੀ ਗਿਣਤੀ) ਵਿਚ ਗੱਡੀਆਂ ਖਰੀਦੀਆਂ ਹਨ ਜਦਕਿ ਇਕੱਠੀਆਂ ਗੱਡੀਆਂ ਖਰੀਦੇ ਜਾਣ ’ਤੇ ਰੇਟ ਵਿਚ ਵੱਡੀ ਛੋਟ ਦਿੱਤੀ ਜਾਂਦੀ ਹੈ। ਇੱਥੇ ਦੱਸਿਆ ਜਾਂਦਾ ਹੈ ਕਿ ਖਹਿਰਾ ਨੇ ਮੁੱਖ ਮੰਤਰੀ ਨਾਲ ਤਾਇਨਾਤ ਇਕ ਓਐੱਸਡੀ ਦੀ ਖ਼ਰੀਦ ਮਾਮਲੇ ਵਿਚ ਕਥਿਤ ਮਿਲੀਭੁਗਤ ਦੇ ਦੋਸ਼ ਲਾਏ ਸਨ। ਖਹਿਰਾ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਡੀਜੀਪੀ ਗੌਰਵ ਯਾਦਵ ਨੂੰ ਲਿਖਤੀ ਰੂਪ ਸ਼ਿਕਾਇਤ ਕੀਤੀ ਸੀ ਪਰ ਮਾਮਲਾ ਠੰਢੇ ਬਸਤੇ ਵਿਚ ਪੈ ਗਿਆ ਸੀ। ਹੁਣ ਜਦੋਂ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੇ ਡੀਆਈਜੀ (ਮੁਅੱਤਲ) ਹਰਚਰਨ ਸਿੰਘ ਭੁੱਲਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ ਤਾਂ ਉੱਚ ਅਧਿਕਾਰੀਆਂ ਨੇ ਪੁਰਾਣੀਆਂ ਸ਼ਿਕਾਇਤਾਂ ਚੇ ਫਾਈਲਾਂ ਖੋਲ੍ਹ ਦਿੱਤੀਆਂ ਹਨ। ਵਰਨਣਯੋਗ ਹੈ ਕਿ ਸੜਕ ਸੁਰੱਖਿਆ ਫੋਰਸ ਯੋਜਨਾ ਜਨਵਰੀ 2024 ਵਿਚ ਸ਼ੁਰੂ ਕੀਤੀ ਗਈ ਸੀ। ਸਰਕਾਰ ਨੇ ਫੋਰਸ ਲਈ 144 ਵਾਹਨ ਖ਼ਰੀਦੇ ਸਨ। ਉਧਰ ਸੁਖਪਾਲ ਸਿੰਘ ਖਹਿਰਾ ਨੇ ਰਾਜਪਾਲ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਸਰਕਾਰ ਤੇ ਪੁਲਿਸ ਇਸ ਮਾਮਲੇ ਵਿਚ ਨਿਰਪੱਖ ਜਾਂਚ ਕਰਨ ਦੀ ਹਿੰਮਤ ਕਰਦੀ ਹੈ।

