ਫਗਵਾੜਾ :
ਕਾਂਗਰਸ ਪਾਰਟੀ ਵੱਲੋਂ ਤਰਨਤਾਰਨ ਜਿਮਨੀ ਚੋਣ ਦੌਰਾਨ ਚੋਣ ਪ੍ਰਚਾਰ ਲਈ ਲਾਈ ਸਟੇਜ ਉੱਪਰ ਲੱਗੇ ਬੈਨਰ ’ਤੇ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦੀ ਤਸਵੀਰ ਤੋਂ ਉੱਪਰ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਸਮੇਤ ਹੋਰ ਕਾਂਗਰਸੀ ਆਗੂਆਂ ਦੀਆ ਤਸਵੀਰਾਂ ਲਗਾਉਣਾ ਬਹੁਤ ਹੀ ਨਿੰਦਣਯੋਗ ਅਤੇ ਸਿੱਖ ਪੰਥ ਨੂੰ ਢਾਹ ਲਾਉਣ ਵਾਲੀ ਗੱਲ ਹੈ। ਕਾਂਗਰਸ ਪਾਰਟੀ ਦੇ ਇਸ ਗੁਨਾਹ ਨੂੰ ਕਦੇ ਮਾਫ਼ ਨਹੀਂ ਕੀਤਾ ਜਾ ਸਕਦਾ। ਇੱਹ ਗੱਲ ਸ਼੍ਰੋਮਣੀ ਅਕਾਲੀ ਦਲ (ਬ) ਦੇ ਵਿਧਾਨ ਸਭਾ ਹਲਕਾ ਫਗਵਾੜਾ ਸ਼ਹਿਰੀ ਦੇ ਇੰਚਾਰਜ ਰਣਜੀਤ ਸਿੰਘ ਖੁਰਾਣਾ ਅਤੇ ਦਿਹਾਤੀ ਹਲਕਾ ਇੰਚਾਰਜ ਰਾਜਿੰਦਰ ਸਿੰਘ ਚੰਦੀ ਨੇ ਸਾਂਝੇ ਤੌਰ ’ਤੇ ਜਾਰੀ ਬਿਆਨ ਵਿੱਚ ਕਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਸਿੱਖਾਂ ਦੀ ਦੁਸ਼ਮਣ ਜਮਾਤ ਹੈ। ਜਿਸ ਨੇ ਕਦੇ ਵੀ ਸਿੱਖ ਪੰਥ ਨੂੰ ਢਾਹ ਲਗਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਖੁਰਾਣਾ ਤੇ ਚੰਦੀ ਨੇ ਕਿਹਾ ਕਿ ਜਿਸ ਗਾਂਧੀ ਪਰਿਵਾਰ ਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਕੇ ਅਤੇ ਦਿੱਲੀ ਵਿਖੇ ਹਜ਼ਾਰਾਂ ਸਿੱਖਾਂ ਦਾ ਬੇਰਹਿਮੀ ਨਾਲ ਕਤਲ ਕਰਕੇ ਸਿੱਖ ਪੰਥ ਨੂੰ ਕਦੇ ਨਾ ਭਰਨ ਵਾਲਾ ਜਖ਼ਮ ਦਿੱਤਾ ਸੀ, ਉਸੇ ਪਰਿਵਾਰ ਦੀਆਂ ਤਸਵੀਰਾਂ ਗੁਰੂ ਸਾਹਿਬ ਅਤੇ ਸਿੱਖ ਪੰਥ ਦੇ ਯੋਧਿਆਂ ਦੇ ਉੱਪਰ ਲਗਾਉਣਾ ਨਾਕਾਬਿਲ-ਏ-ਮਾਫ਼ੀ ਗੁਨਾਹ ਹੈ। ਖੁਰਾਣਾ ਅਤੇ ਚੰਦੀ ਨੇ ਕਿਹਾ ਕਿ ਪਹਿਲਾਂ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਵੱਲੋਂ ਦਲਿਤ ਭਾਈਚਾਰੇ ਦਾ ਅਪਮਾਨ ਕੀਤਾ ਗਿਆ ਤੇ ਹੁਣ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਜੀਵਨ ਸਿੰਘ ਜੀ ਦਾ ਅਪਮਾਨ ਕੀਤਾ ਹੈ। ਜਿਸ ਨਾਲ ਸਿੱਖ ਮਨਾਂ ਨੂੰ ਵੱਡੀ ਠੇਸ ਪਹੁੰਚੀ ਹੈ, ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਟੇਜ ’ਤੇ ਮੌਜੂਦ ਸਾਬਤ ਸੂਰਤ ਸਿੱਖ ਲੀਡਰਾਂ ਨੇ ਵੀ ਇਸ ਮੰਦਭਾਗੀ ਹਰਕਤ ਦਾ ਵਿਰੋਧ ਨਹੀਂ ਕੀਤਾ, ਕਿਉਂਕਿ ਉਨ੍ਹਾਂ ਨੇ ਆਪਣੀ ਆਤਮਾ ਅਤੇ ਪੰਥ ਨੂੰ ਕਾਂਗਰਸ ਦੇ ਕੋਲ ਗਿਰਵੀ ਰੱਖਿਆ ਹੋਇਆ ਹੈ। ਪਰ ਸਿੱਖ ਪੰਥ ਕਾਂਗਰਸ ਦੇ ਇਸ ਗੁਨਾਹ ਨੂੰ ਕਦੇ ਮਾਫ਼ ਨਹੀਂ ਕਰੇਗਾ। ਉਨ੍ਹਾਂ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬਾਨ ਤੇ ਕਾਂਗਰਸੀ ਆਗੂਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ, ਉੱਥੇ ਹੀ ਤਰਨਤਾਰਨ ਦੇ ਸਮੂਹ ਵੋਟਰਾਂ ਨੂੰ ਵੀ ਪੁਰਜ਼ੋਰ ਅਪੀਲ ਕੀਤੀ ਕਿ ਕਾਂਗਰਸ ਪਾਰਟੀ ਨੂੰ ਇਸ ਗੁਨਾਹ ਦੀ ਸਜ਼ਾ ਵੋਟਾਂ ਵਾਲੇ ਦਿਨ ਜ਼ਰੂਰ ਦਿੱਤੀ ਜਾਵੇ।

