ਜੰਡਿਆਲਾ ਗੁਰੂ, ਜਸਪਾਲ ਸ਼ਰਮਾ।

ਜੰਡਿਆਲਾ ਗੁਰੂ ਦੇ ਨਜ਼ਦੀਕ ਗਹਿਰੀ ਮੰਡੀ ਵਿੱਚ ਇੱਕ ਵਾਰ ਫਿਰ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇੱਕ ਦੁਕਾਨਦਾਰ ਅਤੇ ਕਾਰ ਸਵਾਰ ਵਿਚਕਾਰ ਹੋਈ ਮਾਮੂਲੀ ਬਹਿਸ ਝੜਪ ਵਿੱਚ ਬਦਲ ਗਈ, ਜਿਸ ਤੋਂ ਬਾਅਦ ਗੋਲੀਆਂ ਚਲਾਈਆਂ ਗਈਆਂ। ਦੁਕਾਨਦਾਰ ਦੇ ਦੱਸਣ ਮੁਤਾਬਕ ਮੌਕੇ ‘ਤੇ ਚਾਰ ਫਾਇਰ ਹੋਏ।
ਇਸ ਘਟਨਾ ਦੌਰਾਨ ਦੁਕਾਨਦਾਰ ਦੇ 19 ਸਾਲਾ ਪੁੱਤਰ ਜੋਬਨ ਸਿੰਘ, ਪੁੱਤਰ ਸਰਬਜੀਤ ਸਿੰਘ, ਵਾਸੀ ਗਹਿਰੀ ਮੰਡੀ ਦੇ ਪੈਰ ਵਿੱਚ ਗੋਲੀ ਲੱਗੀ, ਜੋ ਆਰ-ਪਾਰ ਹੋ ਗਈ। ਜ਼ਖ਼ਮੀ ਨੌਜਵਾਨ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜ਼ਖ਼ਮੀ ਨੌਜਵਾਨ ਨੂੰ ਸਰਕਾਰੀ ਹਸਪਤਾਲ ਮਾਨਾਂਵਾਲਾ ਵਿਖੇ ਦਾਖ਼ਲ ਕਰਵਾਇਆ ਗਿਆ। ਇਸ ਦੌਰਾਨ ਜੰਡਿਆਲਾ ਗੁਰੂ ਦੇ ਐੱਸਐੱਚਓ ਹਰਪਾਲ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਵਾਲਾ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
