ਜਲੰਧਰ, Major Times
ਜਦੋਂ ਜ਼ਿੰਦਗੀ ਦੀ ਦੌੜ ਵਿਚ ਹਾਲਾਤ ਪੈਰ ਖਿੱਚਣ, ਪਰ ਹੌਸਲਾ ਮੰਜ਼ਿਲ ਵੱਲ ਦੌੜਦਾ ਰਹੇ ਤਾਂ ਕਾਮਯਾਬੀ ਜ਼ਰੂਰ ਮਿਲਦੀ ਹੈ। ਪੰਜਾਬ ਦੀ ਧਰਤੀ ਦੇ ਜੰਮੇ ਤੇ ਭਾਰਤ ਦੀ ਨੁਮਾਇੰਦਗੀ ਕਰ ਰਹੇ ਤੇਜ਼ਤਰਾਰ ਧਾਵਕ ਗੁਰਿੰਦਰਵੀਰ ਸਿੰਘ ਦੀ ਕਹਾਣੀ ਵੀ ਕੁਝ ਅਜਿਹੀ ਹੀ ਹੈ। ਟ?ਰੈਕ ’ਤੇ ਸਕਿੰਟਾਂ ਨਾਲ ਦੌੜਨ ਵਾਲੇ ਇਸ ਪੰਜਾਬੀ ਨੌਜਵਾਨ ਨੇ ਆਪਣੀ ਮਿਹਨਤ, ਅਨੁਸ਼ਾਸਨ ਅਤੇ ਹੌਸਲੇ ਨਾਲ ਭਾਰਤੀ ਸਪ੍ਰਿੰਟਿੰਗ ਨੂੰ ਨਵੀਂ ਪਛਾਣ ਦਿੱਤੀ ਹੈ। ਏਸ਼ੀਆਈ ਖੇਡਾਂ ਵਿਚ ਭਾਰਤ ਲਈ ਕਾਂਸੀ ਦਾ ਤਮਗਾ ਜਿੱਤਣ ਤੋਂ ਬਾਅਦ ਜਲੰਧਰ ਪਹੁੰਚੇ ਗੁਰਿੰਦਰਵੀਰ ਸਿੰਘ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਤਮਗਾ ਉਨ੍ਹਾਂ ਦੀ ਇਕੱਲੀ ਕਾਮਯਾਬੀ ਨਹੀਂ, ਬਲਕਿ ਉਨ੍ਹਾਂ ਦੇ ਮਾਤਾ-ਪਿਤਾ, ਕੋਚ, ਸਾਥੀਆਂ, ਖੇਡ ਪ੍ਰੇਮੀਆਂ ਅਤੇ ਸਹਿਯੋਗ ਕਰਨ ਵਾਲੀਆਂ ਸੰਸਥਾਵਾਂ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ। ਕੋਚ ਸਰਬਜੀਤ ਸਿੰਘ ਹੈਪੀ,ਕਾਮਯਾਬੀ ਦੇ ਸਫ਼ਰ ਦਾ ਅਹਿਮ ਸਾਥੀ, ਗੁਰਿੰਦਰਵੀਰ ਨੇ ਆਪਣੇ ਕੋਚ ਸਰਬਜੀਤ ਸਿੰਘ ਹੈਪੀ ਨੂੰ ਵੀ ਆਪਣੀ ਕਾਮਯਾਬੀ ਵਿਚ ਅਹਿਮ ਭੂਮਿਕਾ ਨਿਭਾਉਣ ਵਾਲਾ ਦੱਸਿਆ।
ਉਨ੍ਹਾਂ ਕਿਹਾ ਕਿ ਇੱਕ ਚੰਗਾ ਕੋਚ ਸਿਰਫ਼ ਖਿਡਾਰੀ ਦੀ ਰਫ਼ਤਾਰ ਨਹੀਂ ਵਧਾਉਂਦਾ, ਸਗੋਂ ਉਸ ਦੇ ਅੰਦਰ ਜਿੱਤਣ ਦਾ ਵਿਸ਼ਵਾਸ ਪੈਦਾ ਕਰਦਾ ਹੈ।ਸਖ਼ਤ ਟ?ਰੇਨਿੰਗ, ਅਨੁਸ਼ਾਸਨ ਅਤੇ ਲਗਾਤਾਰ ਸੁਧਾਰ ਦੀ ਸੋਚ ਨੇ ਗੁਰਿੰਦਰਵੀਰ ਨੂੰ ਭਾਰਤ ਦੇ ਚੋਟੀ ਦੇ ਸਪ੍ਰਿੰਟਰਾਂ ਵਿਚ ਲਿਆ ਖੜ੍ਹਾ ਕੀਤਾ ਹੈ।100 ਮੀਟਰ ਵਿਚ 10.09 ਸਕਿੰਟ ਦਾ ਰਾਸ਼ਟਰੀ ਰਿਕਾਰਡ ਬਣਾਉਣਾ ਗੁਰਿੰਦਰਵੀਰ ਦੇ ਕਰੀਅਰ ਦਾ ਇਤਿਹਾਸਕ ਪਲ ਰਿਹਾ। ਪਰ ਇਸ ਉਪਲਬਧੀ ਤੋਂ ਬਾਅਦ ਵੀ ਉਹ ਰੁਕਣ ਦੇ ਮੂਡ ਵਿਚ ਨਹੀਂ ਹਨ।ਗੁਰਿੰਦਰਵੀਰ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਦੀਆਂ ਨਜ਼ਰਾਂ 10 ਸਕਿੰਟ ਤੋਂ ਹੇਠਾਂ ਦੌੜਨ ’ਤੇ ਹਨ। ਉਹ ਸਟਾਰਟ, ਐਕਸੀਲੇਰੇਸ਼ਨ, ਟਾਪ ਸਪੀਡ ਅਤੇ ਰੇਸ ਦੇ ਆਖਰੀ ਪੜਾਅ ਨੂੰ ਹੋਰ ਮਜ਼ਬੂਤ ਕਰਨ ਲਈ ਆਉਣ ਵਾਲੇ ਸਮੇਂ ਵਿਚ ਹੋਰ ਸਖ਼ਤ ਮਿਹਨਤ ਕਰਨਗੇ।ਉਨ੍ਹਾਂ ਦਾ ਇਹ ਟੀਚਾ ਸਿਰਫ਼ ਇੱਕ ਨਿੱਜੀ ਰਿਕਾਰਡ ਨਹੀਂ ਹੋਵੇਗਾ, ਸਗੋਂ ਭਾਰਤੀ ਸਪ੍ਰਿੰਟਿੰਗ ਲਈ ਇੱਕ ਨਵਾਂ ਅਧਿਆਇ ਲਿਖਣ ਵਾਲੀ ਪ੍ਰਾਪਤੀ ਹੋ ਸਕਦੀ ਹੈ।ਗੁਰਿੰਦਰਵੀਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਨੌਜਵਾਨਾਂ ਲਈ ਮੋਬਾਈਲ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਮੈਦਾਨ ਨਾਲ ਜੁੜਨਾ ਬਹੁਤ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਜਿੱਤ ਇੱਕ ਦਿਨ ਵਿਚ ਨਹੀਂ ਮਿਲਦੀ; ਹਰ ਦਿਨ ਦੀ ਛੋਟੀ ਮਿਹਨਤ ਮਿਲ ਕੇ ਵੱਡੀ ਕਾਮਯਾਬੀ ਬਣਦੀ ਹੈ।ਉਨ੍ਹਾਂ ਖੇਡ ਪ੍ਰੇਮੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਖਿਡਾਰੀਆਂ ਦਾ ਹੌਸਲਾ ਵਧਾਉਂਦੇ ਰਹਿਣ, ਕਿਉਂਕਿ ਇੱਕ ਖਿਡਾਰੀ ਲਈ ਲੋਕਾਂ ਦਾ ਵਿਸ਼ਵਾਸ ਅਤੇ ਹੌਸਲਾ ਕਿਸੇ ਵੀ ਤਮਗੇ ਤੋਂ ਘੱਟ ਨਹੀਂ ਹੁੰਦਾ।ਪੰਜਾਬ ਵਿਚ ਸੇਵਾ ਕਰਨ ਦਾ ਸੁਪਨਾ,ਗੁਰਿੰਦਰਵੀਰ ਨੇ ਕਿਹਾ ਕਿ ਉਨ੍ਹਾਂ ਦਾ ਦਿਲ ਪੰਜਾਬ ਨਾਲ ਜੁੜਿਆ ਹੋਇਆ ਹੈ ਅਤੇ ਜੇ ਪੰਜਾਬ ਸਰਕਾਰ ਉਨ੍ਹਾਂ ਨੂੰ ਪੰਜਾਬ ਪੁਲਿਸ ਜਾਂ ਪੀਸੀਐਸ ਵਰਗੀ ਸੇਵਾ ਵਿਚ ਮੌਕਾ ਦਿੰਦੀ ਹੈ ਤਾਂ ਉਹ ਇਸਨੂੰ ਪੰਜਾਬ ਦੀ ਸੇਵਾ ਕਰਨ ਦਾ ਮਾਣ ਸਮਝਣਗੇ।ਉਨ੍ਹਾਂ ਕਿਹਾ ਕਿ ਖੇਡਾਂ ਵਿਚ ਦੇਸ਼ ਦਾ ਨਾਮ ਰੌਸ਼ਨ ਕਰਨ ਤੋਂ ਬਾਅਦ ਜੇਕਰ ਪੰਜਾਬ ਵਿਚ ਰਹਿ ਕੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਅਤੇ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਇਹ ਉਨ੍ਹਾਂ ਲਈ ਵੱਡੀ ਖੁਸ਼ੀ ਹੋਵੇਗੀ।
ਰਿਲਾਇੰਸ, ਖੇਡ ਪ੍ਰੇਮੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ,
ਗੁਰਿੰਦਰਵੀਰ ਨੇ ਆਪਣੀ ਟਰੇਨਿੰਗ ਅਤੇ ਖੇਡ ਸਫ਼ਰ ਵਿਚ ਸਹਿਯੋਗ ਦੇਣ ਵਾਲੇ ਰਿਲਾਇੰਸ ਫਾਊਂਡੇਸ਼ਨ, ਪੰਜਾਬ ਸਰਕਾਰ, ਖੇਡ ਵਿਭਾਗ ਅਤੇ ਸਮੂਹ ਖੇਡ ਪ੍ਰੇਮੀਆਂ ਦਾ ਦਿਲੋਂ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਜਦੋਂ ਕਿਸੇ ਖਿਡਾਰੀ ਦੇ ਪਿੱਛੇ ਪਰਿਵਾਰ, ਕੋਚ, ਸਰਕਾਰ, ਸਪਾਂਸਰ ਅਤੇ ਲੋਕ ਖੜ੍ਹੇ ਹੋਣ ਤਾਂ ਉਹ ਅੰਤਰਰਾਸ਼ਟਰੀ ਪੱਧਰ ’ਤੇ ਹੋਰ ਵੱਡੇ ਸੁਪਨੇ ਦੇਖ ਸਕਦਾ ਹੈ। ਗੁਰਿੰਦਰਵੀਰਵੀਰ ਦੀ ਦੌੜ ਹੁਣ ਸਿਰਫ਼ 100 ਮੀਟਰ ਦੇ ਟ?ਰੈਕ ਤੱਕ ਸੀਮਤ ਨਹੀਂ ਰਹੀ। ਇਹ ਦੌੜ ਉਨ੍ਹਾਂ ਹਜ਼ਾਰਾਂ ਪੰਜਾਬੀ ਨੌਜਵਾਨਾਂ ਦੀ ਵੀ ਹੈ, ਜੋ ਮੈਦਾਨ ਵਿਚ ਆਪਣਾ ਭਵਿੱਖ ਬਣਾਉਣ ਦਾ ਸੁਪਨਾ ਦੇਖ ਰਹੇ ਹਨ।
ਪੰਜਾਬ ਦੀ ਮਿੱਟੀ ਤੋਂ ਨਿਕਲਿਆ ਇਹ ਧਾਵਕ ਅੱਜ ਭਾਰਤ ਦੀ ਰਫ਼ਤਾਰ ਬਣ ਚੁੱਕਾ ਹੈ। ਏਸ਼ੀਆਈ ਕਾਂਸੀ ਤੋਂ ਬਾਅਦ ਹੁਣ ਨਜ਼ਰ 10 ਸਕਿੰਟ ਦੀ ਹੱਦ ’ਤੇ ਹੈ,ਅਤੇ ਗੁਰਿੰਦਰਵੀਰ ਦਾ ਵਿਸ਼ਵਾਸ ਹੈ ਕਿ ਸਹੀ ਮਿਹਨਤ, ਸਹੀ ਮਾਰਗਦਰਸ਼ਨ ਅਤੇ ਦੇਸ਼ ਵਾਸੀਆਂ ਦੀਆਂ ਦੁਆਵਾਂ ਨਾਲ ਇਹ ਹੱਦ ਵੀ ਇੱਕ ਦਿਨ ਪਾਰ ਹੋਵੇਗੀ।
