ਜਲੰਧਰ :
ਫਿਟਨੈਸ ਤੇ ਖੇਡ ਸੰਸਕ੍ਰਿਤੀ ਨੂੰ ਨਵੀਂ ਦਿਸ਼ਾ ਦੇਣ ਦੇ ਉਦੇਸ਼ ਨਾਲ ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ‘ਫਿਟ ਸੈਂਟਰਲ’ ਮੁਹਿੰਮ ਦੇ ਤਹਿਤ ਡੀਸੀ ਤੇ ਪੁਲਿਸ ਕਮਿਸ਼ਨਰ ਰੈਜ਼ੀਡੈਂਸ ਪਾਰਕ ’ਚ ਨਵੇਂ ਤਿਆਰ ਕੀਤੇ ਗਏ ਵਾਲੀਬਾਲ ਤੇ ਬੈਡਮਿੰਟਨ ਕੋਰਟ ਦਾ ਸ਼ੁੱਭ ਆਰੰਭ ਕੀਤਾ। ਇਸ ਮੌਕੇ ਇਸ ਪਾਰਕ ਦਾ ਨਾਂ ਦੁਨੀਆ ਪ੍ਰਸਿੱਧ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦੇ ਨਾਮ ’ਤੇ ਰੱਖਿਆ ਗਿਆ। ਇਸ ਸਮਾਗਮ ’ਚ ਮੇਅਰ ਵਨੀਤ ਧੀਰ, ਵਰਿੰਦਰ ਸਿੰਘ ਘੁੰਮਣ ਦੇ ਤਿੰਨੋ ਬੱਚਿਆਂ ਰਾਜਾ ਗੁਰਤੇਜ ਵੀਰ ਸਿੰਘ, ਭਗਵੰਤ ਸਿੰਘ ਘੁੰਮਣ, ਸੁਖਮਨ ਘੁੰਮਣ ਵੱਲੋਂ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ ਗਈ। ਵਰਿੰਦਰ ਸਿੰਘ ਘੁੰਮਣ ਦੇ ਬੱਚਿਆਂ ਨੇ ਆਪਣੇ ਹੱਥੀਂ ਪਾਰਕ ਦਾ ਉਦਘਾਟਨ ਕੀਤਾ ਤੇ ਨਿਤਿਨ ਕੋਹਲੀ ਦੀ ਇਸ ਪਹਿਲ ਨੂੰ ਵਰਿੰਦਰ ਸਿੰਘ ਘੁੰਮਣ ਜਿਹੇ ਮਹਾਨ ਤੇ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਦਾ ਨਾਮ ਰੋਸ਼ਨ ਕਰਨ ਵਾਲੇ ਵਿਅਕਤੀ ਪ੍ਰਤੀ ਸੱਚੀ ਸ਼ਰਧਾਂਜਲੀ ਹੈ। ਨਿਤਿਨ ਕੋਹਲੀ ਨੇ ਕਿਹਾ ਕਿ ਹੁਣ ਇਹ ਪਾਰਕ “ਵਰਿੰਦਰ ਸਿੰਘ ਘੁੰਮਣ ਪਾਰਕ” ਦੇ ਨਾਂ ਨਾਲ ਜਾਣਿਆ ਜਾਵੇਗਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੀ ਲਗਨ, ਮਿਹਨਤ ਤੇ ਅਨੁਸ਼ਾਸਨ ਤੋਂ ਪ੍ਰੇਰਿਤ ਹੋ ਸਕਣ। ਉਨ੍ਹਾਂ ਕਿਹਾ ਕਿ ਵਰਿੰਦਰ ਘੁੰਮਣ ਦੀ ਅਕਾਲ ਮੌਤ ਨੇ ਸਾਰੇ ਦੇਸ਼ ਸਮੇਤ ਖੇਡ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਤੇ ਇਸ ਰਾਹੀਂ ਉਨ੍ਹਾਂ ਦੀ ਮਹਾਨਤਾ ਤੇ ਯੋਗਦਾਨ ਸਦਾ ਹੀ ਲੋਕਾਂ ਦੀ ਯਾਦ ’ਚ ਜਿਉਂਦਾ ਰਹੇਗਾ। ਉਨ੍ਹਾਂ ਦੱਸਿਆ ਕਿ ‘ਫਿਟ ਸੈਂਟਰਲ’ ਪਹਿਲ ਦਾ ਮਕਸਦ ਸਿਰਫ ਢਾਂਚਾਗਤ ਖੇਡ ਸਹੂਲਤਾਂ ਤਿਆਰ ਕਰਨਾ ਹੀ ਨਹੀਂ, ਸਗੋਂ ਲੋਕਾਂ ’ਚ ‘ਫਿਟਨੈਸ ਨੂੰ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ’ ਬਣਾਉਣ ਦੀ ਸੋਚ ਨੂੰ ਮਜ਼ਬੂਤ ਕਰਨਾ ਵੀ ਹੈ। ‘ਆਪ’ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮਕਸਦ ਜਲੰਧਰ ਨੂੰ ‘ਸਮਾਰਟ, ਸੇਫ਼ ਤੇ ਫਿਟ ਸਿਟੀ’ ਦੇ ਮਾਡਲ ਵਜੋਂ ਅਗੇ ਲੈ ਕੇ ਜਾਣਾ ਹੈ। ਇਸੇ ਤਹਿਤ ਅਗਲੇ ਚਰਣ ’ਚ ਹੋਰ ਇਲਾਕਿਆਂ ’ਚ ਓਪਨ ਜਿਮ, ਰਨਿੰਗ ਟਰੈਕ ਤੇ ਬੱਚਿਆਂ ਦੇ ਖੇਡ ਇਲਾਕੇ ਵੀ ਵਿਕਸਤ ਕੀਤੇ ਜਾਣਗੇ। ਮੇਅਰ ਵਿਨੀਤ ਧੀਰ ਨੇ ਕਿਹਾ, ‘ਸ਼ਹਿਰ ’ਚ ਵਿਕਾਸ ਕਾਰਜਾਂ ਨਾਲ ਨਾਲ ਫਿਟਨੈਸ ਤੇ ਖੇਡ ਦੇ ਢਾਂਚੇ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਕ ਤੰਦਰੁਸਤ ਕੌਮ ਹੀ ਖੁਸ਼ਹਾਲ ਕੌਮ ਹੁੰਦੀ ਹੈ।’ ਸਮਾਗਮ ’ਚ ਹਾਜ਼ਰ ਸਥਾਨਕ ਨਿਵਾਸੀਆਂ, ਨੌਜਵਾਨਾਂ ਤੇ ਖੇਡ ਪ੍ਰੇਮੀਆਂ ਨੇ ਨਿਤਿਨ ਕੋਹਲੀ ਤੇ ਮੇਅਰ ਵਨੀਤ ਧੀਰ ਦੀ ਇਸ ਪਹਿਲ ਦਾ ਸਵਾਗਤ ਕੀਤਾ। ਸਮਾਪਤੀ ’ਤੇ ਸਭ ਨੇ ਦੋ ਮਿੰਟ ਦਾ ਮੌਨ ਰੱਖ ਕੇ ਵਰਿੰਦਰ ਸਿੰਘ ਘੁੰਮਣ ਨੂੰ ਭਾਵੁਕ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਸ਼ਹਿਰ ਦੀਆਂ ਪ੍ਰਸਿੱਧ ਹਸਤੀਆਂ ’ਚ ਲਗਨਦੀਪ, ਵਿਕੀ ਤੁਲਸੀ, ਅਮਰਦੀਪ ਕਿੰਨੂ, ਤਰਲੋਕ ਸਰਣ, ਜਤਿਨ ਗੁਲਾਟੀ, ਨਿਖਿਲ ਅਰੋੜਾ, ਪਰਵੀਨ ਪਹਲਵਾਨ, ਲਵ ਰਾਬਿਨ, ਗੰਗਾ ਦੇਵੀ, ਬਲਬੀਰ ਬਿੱਟੂ, ਵਨੀਤ ਧੀਰ, ਸੋਨੂ ਚੱਢਾ, ਨਰੇਸ਼ ਸ਼ਰਮਾ, ਪਰਵੀਨ ਵਾਸਨ, ਵਿਜੇ ਵਾਸਨ, ਕਰਣ ਸ਼ਰਮਾ, ਦੀਪਕ ਕੁਮਾਰ, ਅਜੈ ਚੋਪੜਾ, ਵਿਕਾਸ ਗਰੋਵਰ, ਤਰੁਣ ਸਿੱਕਾ, ਗੋਲਡੀ ਮਰਵਾਹਾ, ਐਮ.ਬੀ. ਬਾਲੀ, ਧੀਰਜ ਸੇਠ, ਸੁਭਾਸ਼ ਸ਼ਰਮਾ, ਪਰਵੀਨ ਪੱਬੀ ਹੈਪੀ ਬ੍ਰਿੰਗ, ਅਮਿਤ ਸ਼ਰਮਾ, ਸੰਨੀ ਆਹਲੂਵਾਲੀਆ ਤੇ ਸੰਜੀਵ ਤ੍ਰੇਹਨ ਸ਼ਾਮਲ ਸਨ।

