ਅਭਿਸ਼ੇਕ ਨੇ 150ਵੇਂ ਕੌਮਾਂਤਰੀ ਮੈਚ ’ਚ ਦਾਗੇ ਦੋ ਗੋਲ
ਜਲੰਧਰ: Major Times

ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ-2026 ਤਹਿਤ ਸਥਾਨਕ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਖੇਡੇ ਗਏ ਰੋਮਾਂਚਕ ਮੁਕਾਬਲੇ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਜਾਪਾਨ ਨੂੰ 4-1 ਨਾਲ ਹਰਾ ਕੇ ਟੂਰਨਾਮੈਂਟ ਵਿੱਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਭਾਰਤ ਨੇ ਅੰਕ ਸੂਚੀ ਵਿੱਚ ਮੁੜ ਪਹਿਲਾ ਸਥਾਨ ਹਾਸਲ ਕਰ ਲਿਆ।
ਮੈਚ ਦੀ ਸ਼ੁਰੂਆਤ ਤੋਂ ਹੀ ਦੋਵਾਂ ਟੀਮਾਂ ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਆਪਣਾ 150ਵਾਂ ਅੰਤਰਰਾਸ਼ਟਰੀ ਮੈਚ ਖੇਡ ਰਹੇ ਭਾਰਤੀ ਸਟਾਰ ਫਾਰਵਰਡ ਅਭਿਸ਼ੇਕ ਨੇ 11ਵੇਂ ਮਿੰਟ ਵਿੱਚ ਸ਼ਾਨਦਾਰ ਫੀਲਡ ਗੋਲ ਕਰਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਤੋਂ ਬਾਅਦ 15ਵੇਂ ਮਿੰਟ ਵਿੱਚ ਜਾਪਾਨ ਦੇ ਰਾਮਦਾਸ ਸੋਟਾ ਨੇ ਪੈਨਲਟੀ ਸਟ੍ਰੋਕ ਨੂੰ ਗੋਲ ਵਿੱਚ ਬਦਲ ਕੇ ਸਕੋਰ 1-1 ਕਰ ਦਿੱਤਾ। ਪਹਿਲੇ ਹਾਫ਼ ਤੱਕ ਦੋਵੇਂ ਟੀਮਾਂ ਬਰਾਬਰੀ ’ਤੇ ਰਹੀਆਂ।
ਮੈਚ ਦੇ ਆਖ਼ਰੀ ਕੁਆਰਟਰ ਵਿੱਚ ਭਾਰਤੀ ਖਿਡਾਰੀਆਂ ਨੇ ਹਮਲਾਵਰ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਪਤਾਨ ਹਰਮਨਪ੍ਰੀਤ ਸਿੰਘ ਨੇ 47ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਸ਼ਾਨਦਾਰ ਡਰੈਗ ਫਲਿੱਕ ਰਾਹੀਂ ਗੋਲ ਕਰਕੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ। ਇਸ ਤੋਂ ਤੁਰੰਤ ਬਾਅਦ 51ਵੇਂ ਮਿੰਟ ਵਿੱਚ ਅਭਿਸ਼ੇਕ ਨੇ ਆਪਣਾ ਦੂਜਾ ਅਤੇ ਭਾਰਤ ਲਈ ਤੀਜਾ ਗੋਲ ਦਾਗ਼ਿਆ।
ਮੈਚ ਦੇ 56ਵੇਂ ਮਿੰਟ ਵਿੱਚ ਵਿਸ਼ਨੁਕਾਂਤ ਸਿੰਘ ਨੇ ਸ਼ਾਨਦਾਰ ਸੋਲੋ ਮੂਵ ਰਾਹੀਂ ਜਾਪਾਨੀ ਡਿਫੈਂਸ ਨੂੰ ਚਕਮਾ ਦਿੰਦਿਆਂ ਚੌਥਾ ਗੋਲ ਕੀਤਾ। ਇਸ ਤਰ੍ਹਾਂ ਭਾਰਤ ਨੇ 4-1 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਹਾਰ ਨਾਲ ਜਾਪਾਨ ਨੂੰ ਟੂਰਨਾਮੈਂਟ ਵਿੱਚ ਪਹਿਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ।
ਆਪਣੇ ਕਰੀਅਰ ਦਾ 150ਵਾਂ ਅੰਤਰਰਾਸ਼ਟਰੀ ਮੈਚ ਖੇਡਣ ਅਤੇ ਦੋ ਗੋਲ ਕਰਨ ਵਾਲੇ ਅਭਿਸ਼ੇਕ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਮੈਨ ਆਫ਼ ਦਾ ਮੈਚ ਚੁਣਿਆ ਗਿਆ।
ਦਰਸ਼ਕਾਂ ਨਾਲ ਖਚਾਖਚ ਭਰਿਆ ਸਟੇਡੀਅਮ
ਭਾਰਤੀ ਟੀਮ ਦਾ ਹੌਸਲਾ ਵਧਾਉਣ ਲਈ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਦਰਸ਼ਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਸਟੇਡੀਅਮ ਪੂਰੀ ਤਰ੍ਹਾਂ ਦਰਸ਼ਕਾਂ ਨਾਲ ਭਰਿਆ ਹੋਇਆ ਸੀ ਅਤੇ ਬੈਠਣ ਲਈ ਵੀ ਥਾਂ ਨਹੀਂ ਬਚੀ ਸੀ। ਕਈ ਹਾਕੀ ਪ੍ਰੇਮੀਆਂ ਨੇ ਖੜ੍ਹੇ ਹੋ ਕੇ ਮੈਚ ਦਾ ਆਨੰਦ ਮਾਣਿਆ, ਜਦਕਿ ਭੀੜ ਜ਼ਿਆਦਾ ਹੋਣ ਕਾਰਨ ਕੁਝ ਦਰਸ਼ਕਾਂ ਨੂੰ ਬਾਹਰੋਂ ਹੀ ਵਾਪਸ ਪਰਤਣਾ ਪਿਆ।
