ਸਮੇਤ ਵੱਖ-ਵੱਖ ਸਮਾਗਮਾਂ ’ਚ ਸੁਹਾਗਣਾਂ ਨੇ ਮਨਾਇਆ ਤਿਉਹਾਰ

ਜਲੰਧਰ:Major Times
ਸ਼ਹਿਰ ਵਿੱਚ ਕਰਵਾ ਚੌਥ ਦਾ ਤਿਉਹਾਰ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਵੇਰ ਤੋਂ ਹੀ ਬਾਜ਼ਾਰਾਂ ਵਿੱਚ ਰੌਣਕ ਰਹੀ ਅਤੇ ਮਹਿੰਦੀ ਦੇ ਸਟਾਲਾਂ ’ਤੇ ਔਰਤਾਂ ਦੀ ਭੀੜ ਦੇਖਣ ਨੂੰ ਮਿਲੀ। ਸੁਹਾਗਣਾਂ ਨੇ ਆਪਣੇ ਪਤੀ ਦੀ ਲੰਮੀ ਉਮਰ ਅਤੇ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਨਿਰਜਲਾ ਵਰਤ ਰੱਖਿਆ। ਸ਼ਾਮ ਨੂੰ ਔਰਤਾਂ ਨੇ ਇਕੱਠੀਆਂ ਹੋ ਕੇ ਕਰਵਾ ਚੌਥ ਦੀ ਕਥਾ ਸੁਣੀ ਅਤੇ ਰਵਾਇਤੀ ਰਸਮਾਂ ਨਿਭਾਈਆਂ। ਚੰਨ ਦੇ ਦਰਸ਼ਨ ਕਰਨ ਅਤੇ ਅਰਘ ਦੇਣ ਤੋਂ ਬਾਅਦ ਪਤੀ ਦੇ ਹੱਥੋਂ ਪਾਣੀ ਪੀ ਕੇ ਵਰਤ ਖੋਲ੍ਹਿਆ ਗਿਆ।
ਸਮੇਂ ਦੇ ਨਾਲ ਕਰਵਾ ਚੌਥ ਮਨਾਉਣ ਦੇ ਤਰੀਕਿਆਂ ਵਿੱਚ ਵੀ ਬਦਲਾਅ ਆਇਆ ਹੈ। ਹੁਣ ਮੁਹੱਲਿਆਂ ਵਿੱਚ ਹੋਣ ਵਾਲੇ ਰਵਾਇਤੀ ਸਮਾਗਮਾਂ ਦੇ ਨਾਲ-ਨਾਲ ਹੋਟਲਾਂ ਅਤੇ ਕਲੱਬਾਂ ਵੱਲੋਂ ਵੀ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਸੇ ਲੜੀ ਤਹਿਤ ਗੈਦਰ ਐਂਡ ਗਲੋ ਵੱਲੋਂ ਕਾਵਲੀਨ ਅਤੇ ਤਰੁਣ ਸਚਦੇਵਾ ਦੀ ਅਗਵਾਈ ਹੇਠ ਐਲਿਸੀਅਮ ਗ੍ਰੈਂਡ ਵਿਖੇ ‘ਜਸ਼ਨ-ਏ-ਮੁਹੱਬਤ’ ਸਮਾਗਮ ਕਰਵਾਇਆ ਗਿਆ। ਇਸ ਵਿੱਚ ਲਗਭਗ 400 ਸੁਹਾਗਣਾਂ ਨੇ ਸ਼ਮੂਲੀਅਤ ਕੀਤੀ।
ਸਮਾਗਮ ਦੌਰਾਨ ਕਵਿਜ਼, ਤੰਬੋਲਾ, ਮਹਿੰਦੀ ਮੁਕਾਬਲੇ ਅਤੇ ਹੋਰ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ। ਭਾਗ ਲੈਣ ਵਾਲੀਆਂ ਔਰਤਾਂ ਨੂੰ ਵੱਖ-ਵੱਖ ਤੋਹਫ਼ੇ ਵੀ ਦਿੱਤੇ ਗਏ। ਸਵੇਰੇ 11 ਵਜੇ ਤੋਂ ਹੀ ਸੁਹਾਗਣਾਂ ਦਾ ਸਮਾਗਮ ਵਿੱਚ ਪਹੁੰਚਣਾ ਸ਼ੁਰੂ ਹੋ ਗਿਆ ਸੀ। ਇਸ ਮੌਕੇ ਰਾਜਨ ਸਿਆਲ ਨੇ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ ਦਾ ਉਦੇਸ਼ ਔਰਤਾਂ ਨੂੰ ਇਕੱਠੇ ਹੋ ਕੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਦਾ ਮੌਕਾ ਦੇਣਾ ਸੀ।
ਇਸੇ ਤਰ੍ਹਾਂ ਜਲੰਧਰ ਦੀ ਹੈਲਪਿੰਗ ਸੋਲਜ਼ ਐੱਨਜੀਓ ਵੱਲੋਂ ਰੀਜੈਂਟ ਪਾਰਕ ਵਿੱਚ ਕਰਵਾ ਚੌਥ ਦਾ ਸਮਾਗਮ ਕਰਵਾਇਆ ਗਿਆ। ਇਸ ਵਿੱਚ ਸ਼ਹਿਰ ਦੀਆਂ ਪ੍ਰਮੁੱਖ ਔਰਤਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸਮਾਗਮ ਦੌਰਾਨ ਵੱਖ-ਵੱਖ ਖੇਡਾਂ ਕਰਵਾਈਆਂ ਗਈਆਂ ਅਤੇ ਜੇਤੂਆਂ ਨੂੰ ਤੋਹਫ਼ੇ ਦਿੱਤੇ ਗਏ। ਇਸ ਪਹਿਲ ਦੀ ਖ਼ਾਸ ਗੱਲ ਇਹ ਰਹੀ ਕਿ ਸਮਾਗਮ ਤੋਂ ਇਕੱਠੀ ਹੋਣ ਵਾਲੀ ਰਕਮ ਲੋੜਵੰਦਾਂ ਦੀ ਮਦਦ ਲਈ ਵਰਤੀ ਜਾਵੇਗੀ।
ਐੱਨਜੀਓ ਦੀ ਪ੍ਰਧਾਨ ਸ਼ੈਲਜਾ ਅਗਰਵਾਲ ਅਤੇ ਸਕੱਤਰ ਸ਼ਿਵਾਲੀ ਵਾਲੀਆ ਨੇ ਦੱਸਿਆ ਕਿ ਸੰਸਥਾ ਵੱਲੋਂ ਇਕੱਠੇ ਕੀਤੇ ਪੈਸਿਆਂ ਰਾਹੀਂ ਗ਼ਰੀਬ ਬੱਚੀਆਂ ਦੀ ਪੜ੍ਹਾਈ, ਲੋੜਵੰਦ ਮਰੀਜ਼ਾਂ ਦੇ ਇਲਾਜ ਅਤੇ ਵਾਂਝੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਕੰਮ ਕੀਤਾ ਜਾਂਦਾ ਹੈ। ਉਨ੍ਹਾਂ ਦਾ ਉਦੇਸ਼ ਤਿਉਹਾਰਾਂ ਦੀਆਂ ਖੁਸ਼ੀਆਂ ਨੂੰ ਸਮਾਜ ਸੇਵਾ ਨਾਲ ਜੋੜਨਾ ਹੈ।
ਇਸ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਹੋਟਲਾਂ ਵਿੱਚ ਵੀ ਕਰਵਾ ਚੌਥ ਸਬੰਧੀ ਸਮਾਗਮ ਕਰਵਾਏ ਗਏ। ਰਾਤ ਨੂੰ ਚੰਨ ਚੜ੍ਹਨ ਤੋਂ ਬਾਅਦ ਬਾਜ਼ਾਰਾਂ, ਖਾਣ-ਪੀਣ ਦੀਆਂ ਦੁਕਾਨਾਂ ਅਤੇ ਚੌਪਾਟੀਆਂ ’ਤੇ ਵੀ ਕਾਫ਼ੀ ਰੌਣਕ ਦੇਖਣ ਨੂੰ ਮਿਲੀ। ਇਸ ਤਰ੍ਹਾਂ ਜਲੰਧਰ ਵਿੱਚ ਕਰਵਾ ਚੌਥ ਦਾ ਤਿਉਹਾਰ ਧਾਰਮਿਕ ਰਸਮਾਂ, ਮਨੋਰੰਜਨ ਅਤੇ ਸਮਾਜ ਸੇਵਾ ਦੇ ਰੰਗਾਂ ਨਾਲ ਮਨਾਇਆ ਗਿਆ।
