ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਦਿੱਤਾ ਜਾਵੇਗਾ ਸੰਦੇਸ਼
ਅੰਮ੍ਰਿਤਸਰMajor imes
ਪੰਜਾਬ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਨੂੰ ਖੇਡਾਂ ਤੇ ਸਿਹਤਮੰਦ ਜੀਵਨਸ਼ੈਲੀ ਨਾਲ ਜੋੜਨ ਦੇ ਉਦੇਸ਼ ਨਾਲ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਭਰ ਵਿੱਚ ‘ਪੰਜਾਬ ਯੂਥ ਰਨ’ ਕਰਵਾਈ ਜਾ ਰਹੀ ਹੈ। ਇਸੇ ਤਹਿਤ 11 ਅਕਤੂਬਰ ਨੂੰ ਅੰਮ੍ਰਿਤਸਰ ਵਿੱਚ ਪੰਜਾਬ ਯੂਥ ਰਨ ਦਾ ਆਯੋਜਨ ਕੀਤਾ ਜਾਵੇਗਾ।
ਪਾਰਟੀ ਆਗੂਆਂ ਮੁਤਾਬਕ ਇਸ ਦੌੜ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਖੇਡਾਂ ਨੂੰ ਅਪਣਾਉਣ ਅਤੇ ਪੰਜਾਬ ਦੀ ਤਰੱਕੀ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸੰਦੇਸ਼ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਸੂਬੇ ਦੀ ਸਭ ਤੋਂ ਵੱਡੀ ਤਾਕਤ ਹਨ ਅਤੇ ਉਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣਾ ਸਮੇਂ ਦੀ ਲੋੜ ਹੈ।
ਅੰਮ੍ਰਿਤਸਰ ਵਿੱਚ ਹੋਣ ਵਾਲੀ ਯੂਥ ਰਨ ਲਈ ਰਜਿਸਟਰੇਸ਼ਨ ਪੋਸਟਰ ਵੀ ਜਾਰੀ ਕੀਤਾ ਗਿਆ। ਦੌੜ ਵਿੱਚ ਸ਼ਾਮਲ ਹੋਣ ਦੇ ਇੱਛੁਕ ਨੌਜਵਾਨ ਪੋਸਟਰ ’ਤੇ ਦਿੱਤੇ QR ਕੋਡ ਨੂੰ ਸਕੈਨ ਕਰਕੇ ਰਜਿਸਟਰੇਸ਼ਨ ਕਰਵਾ ਸਕਦੇ ਹਨ। ਪਾਰਟੀ ਵੱਲੋਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ ਗਈ ਹੈ।
ਇਸ ਮੌਕੇ ਪੰਜਾਬ ਯੂਥ ਵਿੰਗ ਦੇ ਮੀਤ ਪ੍ਰਧਾਨ ਬੀਰ ਦਵਿੰਦਰ ਸਿੰਘ, ਲੋਕ ਸਭਾ ਇੰਚਾਰਜ ਜਰਨੈਲ ਸਿੰਘ ਢੋਟ, ਚੇਅਰਮੈਨ ਪ੍ਰਭਬੀਰ ਸਿੰਘ ਬਰਾੜ, ਜ਼ਿਲ੍ਹਾ ਪ੍ਰਧਾਨ ਸਰਬਜੋਤ ਸਿੰਘ ਧੰਜਲ, ਗੁਰਪ੍ਰਤਾਪ ਸਿੰਘ, ਅੰਗਦ ਸੋਹਲ ਅਤੇ ਮਨਦੀਪ ਸਿੰਘ ਸਮੇਤ ਕਈ ਆਗੂ ਮੌਜੂਦ ਰਹੇ। ਯੂਥ ਵਿੰਗ ਦੇ ਯੁਗਰਾਜ ਬੱਲ, ਦਿਨੇਸ਼ ਕਸ਼ਿਅਪ, ਲਾਲੀ ਖਰੜ, ਸੰਦੀਪ ਸਿੰਘ, ਸੁਖਬੀਰ ਕੌਰ ਅਤੇ ਗੁਰਪ੍ਰੀਤ ਸਿੰਘ ਗੋਪੀ ਨੇ ਵੀ ਸ਼ਿਰਕਤ ਕੀਤੀ।
ਪਾਰਟੀ ਆਗੂਆਂ ਨੇ ਕਿਹਾ ਕਿ ‘ਪੰਜਾਬ ਯੂਥ ਰਨ’ ਦਾ ਮੁੱਖ ਮਕਸਦ ਨੌਜਵਾਨਾਂ ਵਿੱਚ ਫਿਟਨੈੱਸ, ਖੇਡਾਂ ਅਤੇ ਨਸ਼ਾ ਵਿਰੋਧੀ ਜਾਗਰੂਕਤਾ ਨੂੰ ਹੋਰ ਮਜ਼ਬੂਤ ਕਰਨਾ ਹੈ।
