Chandigarh Major Times
ਪੰਜਾਬ ਸਰਕਾਰ ਵੱਲੋਂ ਪ੍ਰਾਇਮਰੀ ਅਧਿਆਪਕਾਂ ਨੂੰ ਮਾਸਟਰ ਕੇਡਰ ਵਿੱਚ ਤਰੱਕੀ ਦੇਣ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਲੰਮੇ ਸਮੇਂ ਤੋਂ ਤਰੱਕੀਆਂ ਦੀ ਉਡੀਕ ਕਰ ਰਹੇ ਅਧਿਆਪਕਾਂ ਵਿੱਚ ਇਨ੍ਹਾਂ ਹੁਕਮਾਂ ਤੋਂ ਬਾਅਦ ਖੁਸ਼ੀ ਦਾ ਮਾਹੌਲ ਹੈ। ਅਧਿਆਪਕ ਜੱਥੇਬੰਦੀਆਂ ਵੱਲੋਂ ਪਿਛਲੇ ਸਮੇਂ ਤੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਪ੍ਰਾਇਮਰੀ ਅਧਿਆਪਕਾਂ ਦੀਆਂ ਵੱਖ-ਵੱਖ ਵਿਸ਼ਿਆਂ ਦੇ ਮਾਸਟਰ ਕੇਡਰ ਵਿੱਚ ਬਣਦੀਆਂ ਤਰੱਕੀਆਂ ਜਲਦ ਕੀਤੀਆਂ ਜਾਣ। ਉਨ੍ਹਾਂ ਦਾ ਕਹਿਣਾ ਸੀ ਕਿ ਤਰੱਕੀਆਂ ਵਿੱਚ ਦੇਰੀ ਕਾਰਨ ਕਈ ਅਧਿਆਪਕ ਬਿਨਾਂ ਤਰੱਕੀ ਤੋਂ ਹੀ ਸੇਵਾਮੁਕਤ ਹੋ ਰਹੇ ਸਨ।
ਸਰਕਾਰ ਵੱਲੋਂ ਜਾਰੀ ਕੀਤੇ ਹੁਕਮਾਂ ਤਹਿਤ ਪ੍ਰਾਇਮਰੀ ਕਾਡਰ ਵਿੱਚੋਂ ਸਮਾਜਿਕ ਸਿੱਖਿਆ, ਹਿੰਦੀ, ਗਣਿਤ, ਪੰਜਾਬੀ, ਅੰਗਰੇਜ਼ੀ ਅਤੇ ਸਰੀਰਕ ਸਿੱਖਿਆ ਵਿਸ਼ਿਆਂ ਵਿੱਚ ਮਾਸਟਰ ਕੇਡਰ ਲਈ ਤਰੱਕੀਆਂ ਕੀਤੀਆਂ ਗਈਆਂ ਹਨ।
ਇਨ੍ਹਾਂ ਤਰੱਕੀਆਂ ਵਿੱਚ ਈ.ਟੀ.ਟੀ., ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਕਾਡਰ ਦੇ ਅਧਿਆਪਕਾਂ ਨੂੰ ਉਨ੍ਹਾਂ ਦੇ ਬਣਦੇ ਕੋਟੇ ਅਨੁਸਾਰ ਸ਼ਾਮਲ ਕੀਤਾ ਗਿਆ ਹੈ। ਵਿਭਾਗ ਵੱਲੋਂ ਤਰੱਕੀ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਆਪਣੇ ਨਿਰਧਾਰਤ ਸਕੂਲਾਂ ਵਿੱਚ ਜਲਦ ਹਾਜ਼ਰ ਹੋਣ ਲਈ ਵੀ ਕਿਹਾ ਗਿਆ ਹੈ।
ਅਧਿਆਪਕ ਜੱਥੇਬੰਦੀਆਂ ਨੇ ਰੱਖੀ ਇਹ ਮੰਗ
ਤਰੱਕੀਆਂ ਦੇ ਹੁਕਮ ਜਾਰੀ ਹੋਣ ਦਾ ਸਵਾਗਤ ਕਰਦਿਆਂ ਵੱਖ-ਵੱਖ ਅਧਿਆਪਕ ਜੱਥੇਬੰਦੀਆਂ ਨੇ ਕਿਹਾ ਕਿ ਇਸ ਨਾਲ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਅਧਿਆਪਕਾਂ ਨੂੰ ਰਾਹਤ ਮਿਲੇਗੀ। ਇਸ ਦੇ ਨਾਲ ਹੀ ਜੱਥੇਬੰਦੀਆਂ ਨੇ ਤਰੱਕੀ ਪ੍ਰਕਿਰਿਆ ਦੌਰਾਨ ਰਹਿ ਗਈਆਂ ਤਰੁੱਟੀਆਂ ਨੂੰ ਵੀ ਜਲਦ ਦੂਰ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਯੋਗ ਅਧਿਆਪਕਾਂ ਨੂੰ ਤਰੱਕੀ ਦਾ ਲਾਭ ਮਿਲ ਸਕੇ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਨ ਵਾਲਿਆਂ ਵਿੱਚ ਮਨਜੀਤ ਸਿੰਘ ਬੜੂੰਦੀ, ਜੰਗਪਾਲ ਸਿੰਘ, ਹਰਜਿੰਦਰ ਸਿੰਘ, ਸਿੰਗਾਰਾ ਸਿੰਘ, ਸੁਭਾਸ਼ ਗੋਇਲ, ਪ੍ਰਭਜੋਤ ਸਿੰਘ, ਨਰਿੰਦਰ ਸਿੰਘ, ਜਗਸੀਰ ਸਿੰਘ, ਜਸਵੀਰ ਸਿੰਘ ਅਤੇ ਬਲਵਿੰਦਰ ਸਿੰਘ ਆਦਿ ਸ਼ਾਮਲ ਸਨ।
