ਫਿਲੌਰ: Major Times

ਫਿਲੌਰ-ਗੁਰਾਇਆ ਨੈਸ਼ਨਲ ਹਾਈਵੇ ’ਤੇ ਗੁਰਾਇਆ ਸਥਿਤ ਪ੍ਰਾਚੀਨ ਸ਼ਿਵ ਮੰਦਰ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਆਟੋ ਰਿਕਸ਼ਾ ਸਵਾਰ 11 ਵਿਅਕਤੀ ਜ਼ਖ਼ਮੀ ਹੋ ਗਏ, ਜਦਕਿ ਹਸਪਤਾਲ ਵਿੱਚ ਇਲਾਜ ਦੌਰਾਨ ਡਾਕਟਰਾਂ ਨੇ ਦੋ ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਖ਼ਮੀਆਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ (ਐੱਸਐੱਸਐੱਫ) ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ। ਟੀਮ ਨੇ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਵੱਖ-ਵੱਖ ਐਂਬੂਲੈਂਸਾਂ ਰਾਹੀਂ ਸਿਵਲ ਹਸਪਤਾਲ ਫਿਲੌਰ ਪਹੁੰਚਾਇਆ। ਮੌਕੇ ’ਤੇ ਆਟੋ ਰਿਕਸ਼ਾ ਬੁਰੀ ਤਰ੍ਹਾਂ ਨੁਕਸਾਨਿਆ ਹੋਇਆ ਮਿਲਿਆ।
ਸਥਾਨਕ ਲੋਕਾਂ ਮੁਤਾਬਕ ਆਟੋ ਰਿਕਸ਼ਾ ਸੜਕ ’ਤੇ ਅੱਗੇ ਖੜ੍ਹੇ ਇੱਕ ਅਣਪਛਾਤੇ ਵਾਹਨ ਨਾਲ ਟਕਰਾ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਸਬੰਧਤ ਵਾਹਨ ਦਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਹਾਲਾਂਕਿ, ਹਾਦਸਾ ਕਿਵੇਂ ਵਾਪਰਿਆ ਅਤੇ ਇਸ ਲਈ ਕੌਣ ਜ਼ਿੰਮੇਵਾਰ ਹੈ, ਇਸ ਬਾਰੇ ਪੁਲਿਸ ਜਾਂਚ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।
ਹਾਦਸੇ ਵਿੱਚ ਮਾਰੇ ਗਏ ਦੋਵਾਂ ਵਿਅਕਤੀਆਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ। ਮੁੱਢਲੀ ਜਾਣਕਾਰੀ ਅਨੁਸਾਰ ਆਟੋ ਵਿੱਚ ਸਵਾਰ ਸਾਰੇ ਵਿਅਕਤੀ ਮਜ਼ਦੂਰੀ ਕਰਨ ਲਈ ਲੁਧਿਆਣਾ ਤੋਂ ਜਲੰਧਰ ਵੱਲ ਜਾ ਰਹੇ ਸਨ। ਉਨ੍ਹਾਂ ਕੋਲੋਂ ਕੋਈ ਪਛਾਣ ਪੱਤਰ ਨਾ ਮਿਲਣ ਕਾਰਨ ਪਛਾਣ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਪੁਲਿਸ ਜ਼ਖ਼ਮੀਆਂ ਵੱਲੋਂ ਦੱਸੇ ਗਏ ਨਾਵਾਂ ਦੇ ਆਧਾਰ ’ਤੇ ਮ੍ਰਿਤਕਾਂ ਅਤੇ ਹੋਰ ਜ਼ਖ਼ਮੀਆਂ ਦੇ ਵੇਰਵੇ ਇਕੱਠੇ ਕਰ ਰਹੀ ਹੈ।
ਘਟਨਾ ਦੀ ਜਾਣਕਾਰੀ ਮਿਲਣ ’ਤੇ ਥਾਣਾ ਗੁਰਾਇਆ ਦੇ ਐੱਸਐੱਚਓ ਅਤੇ ਡਿਊਟੀ ਅਫ਼ਸਰ ਏਐੱਸਆਈ ਸੁਰਿੰਦਰ ਪਾਲ ਵੀ ਮੌਕੇ ’ਤੇ ਪਹੁੰਚੇ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਅਤੇ ਫ਼ਰਾਰ ਵਾਹਨ ਦੇ ਚਾਲਕ ਦੀ ਭਾਲ ਲਈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
