ਜਲੰਧਰ: Major Times
ਸ਼੍ਰੋਮਣੀ ਅਕਾਲੀ ਦਲ ਵੱਲੋਂ ਜਲੰਧਰ ਸੈਂਟਰਲ ਵਿੱਚ ਚਲਾਈ ਜਾ ਰਹੀ ਜਨਸੰਪਰਕ ਮੁਹਿੰਮ ਦੌਰਾਨ ਕਈ ਨੌਜਵਾਨ ਪਾਰਟੀ ਵਿੱਚ ਸ਼ਾਮਲ ਹੋਏ। ਪੰਜਾਬ ਪ੍ਰੈੱਸ ਕਲੱਬ, ਜਲੰਧਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਪਾਰਟੀ ਦੇ ਪੰਜਾਬ ਦੇ ਮੀਤ ਪ੍ਰਧਾਨ ਅਭਿਸ਼ੇਕ ਬਖ਼ਸ਼ੀ ਨੇ ਇਹ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ।
ਅਭਿਸ਼ੇਕ ਬਖ਼ਸ਼ੀ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਚਲਾਈ ਜਾ ਰਹੀ ਘਰ-ਘਰ ਸੰਪਰਕ ਮੁਹਿੰਮ ਨੂੰ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਦੀ ਪਿਛਲੀ ਸਰਕਾਰ ਦੇ ਕੰਮਾਂ ਅਤੇ ਪ੍ਰਾਪਤੀਆਂ ਤੋਂ ਪ੍ਰਭਾਵਿਤ ਹੋ ਕੇ ਨੌਜਵਾਨ ਪਾਰਟੀ ਨਾਲ ਜੁੜ ਰਹੇ ਹਨ।
ਨਸ਼ਿਆਂ ਅਤੇ ਕਾਨੂੰਨ-ਵਿਵਸਥਾ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਿਆ
ਬਖ਼ਸ਼ੀ ਨੇ ਪੰਜਾਬ ਦੀ ‘ਆਪ’ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਕਿ ਸੂਬੇ ਵਿੱਚ ਨਸ਼ਿਆਂ ਦੀ ਸਮੱਸਿਆ ਅਤੇ ਕਾਨੂੰਨ-ਵਿਵਸਥਾ ਦੇ ਮਾਮਲੇ ਵਿੱਚ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰੀ। ਉਨ੍ਹਾਂ ਕਿਹਾ ਕਿ ਨੌਜਵਾਨ ਸੂਬੇ ਦੇ ਭਵਿੱਖ ਦੀ ਦਿਸ਼ਾ ਤੈਅ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਅਕਾਲੀ ਦਲ ਉਨ੍ਹਾਂ ਨੂੰ ਪਾਰਟੀ ਨਾਲ ਜੋੜਨ ਲਈ ਆਪਣੀ ਮੁਹਿੰਮ ਜਾਰੀ ਰੱਖੇਗਾ।
ਕਈ ਨੌਜਵਾਨਾਂ ਨੇ ਫੜਿਆ ਅਕਾਲੀ ਦਲ ਦਾ ਪੱਲਾ
ਇਸ ਮੌਕੇ ਸਾਹਿਲ ਮਿੱਤਲ, ਪ੍ਰਿੰਸ ਕੁਮਾਰ, ਸਹਿਜ ਸੈਣੀ, ਲਵਪ੍ਰੀਤ ਸਿੰਘ, ਮੋਹਿਤ ਕਲਸੀ, ਦਿਵਿਆਂਸ਼ ਭੱਟ, ਰਾਜਪਾਲ ਸਿੰਘ, ਜਸ਼ਨਪ੍ਰੀਤ ਸਿੰਘ, ਰਵੀ ਕੁਮਾਰ, ਜੱਗਾ ਭੁੱਲਰ ਅਤੇ ਮੋਂਟੀ ਭਾਰਦਵਾਜ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਹਾਸਲ ਕੀਤੀ। ਅਭਿਸ਼ੇਕ ਬਖ਼ਸ਼ੀ ਨੇ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਪਾਰਟੀ ਵਿੱਚ ਸ਼ਾਮਲ ਕੀਤਾ।
ਇਸ ਮੌਕੇ ਰਾਹੁਲ ਸਹੋਤਾ, ਯੂਸਫ਼ ਕਲਿਆਣ, ਗਗਨਦੀਪ, ਜੈਕਬ ਸਹੋਤਾ, ਆਕਾਸ਼, ਐਡਵੋਕੇਟ ਸਿਧਾਰਥ ਸ਼ਰਮਾ, ਵਿਸ਼ਾਲ ਭਗਤ, ਸੁਰਿੰਦਰ ਕੁਮਾਰ ਅਤੇ ਬਲਵਿੰਦਰ ਬਬਲੂ ਸਮੇਤ ਹੋਰ ਵਿਅਕਤੀ ਵੀ ਮੌਜੂਦ ਰਹੇ।
ਬਖ਼ਸ਼ੀ ਨੇ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ ਜਥੇਬੰਦੀ ਵਿੱਚ ਜ਼ਿੰਮੇਵਾਰੀਆਂ ਦੇਣ ਦੇ ਨਾਲ-ਨਾਲ ਲੋਕ ਭਲਾਈ ਦੇ ਕੰਮਾਂ ਨਾਲ ਜੋੜਿਆ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਜਲੰਧਰ ਸੈਂਟਰਲ ਵਿੱਚ ਅਕਾਲੀ ਦਲ ਦੀ ਜਨਸੰਪਰਕ ਮੁਹਿੰਮ ਲਗਾਤਾਰ ਜਾਰੀ ਰਹੇਗੀ।
