22 ਅਕਤੂਬਰ ਨੂੰ ਗੀਤਾ ਕਲੋਨੀ ’ਚ ਗੂੰਜਣਗੇ ‘ਜੈ ਸ਼੍ਰੀ ਰਾਮ’ ਦੇ ਜੈਕਾਰੇ, ਇਲਾਕਾ ਨਿਵਾਸੀਆਂ ’ਚ ਭਾਰੀ ਉਤਸ਼ਾਹ
ਜਲੰਧਰ: MAJOR TIMES
ਜਲੰਧਰ ਪੱਛਮੀ ਹਲਕੇ ਦੇ ਵਾਰਡ ਨੰਬਰ 51 ਅਧੀਨ ਆਉਂਦੀ ਗੀਤਾ ਕਲੋਨੀ ਦੇ ਗੌਰੀਆ ਕੰਪਲੈਕਸ, ਕਾਂਸ਼ੀ ਨਗਰ ਰੋਡ ਵਿਖੇ ਪਹਿਲੀ ਵਾਰ ਦੁਸਹਿਰਾ ਉਤਸਵ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। 22 ਅਕਤੂਬਰ 2026, ਦਿਨ ਵੀਰਵਾਰ ਨੂੰ ਕਰਵਾਏ ਜਾ ਰਹੇ ਇਸ ਸਮਾਗਮ ਨੂੰ ਲੈ ਕੇ ਪ੍ਰਬੰਧਕਾਂ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਐਂਟੀ ਕ੍ਰਾਈਮ ਸਮਾਜ ਸੁਰੱਖਿਆ ਸੈੱਲ ਪੰਜਾਬ ਅਤੇ ਜੈ ਸ਼੍ਰੀ ਰਾਮ ਮਹਾਵੀਰ ਕਲੱਬ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਦੁਸਹਿਰਾ ਉਤਸਵ ਨੂੰ ਲੈ ਕੇ ਪ੍ਰਬੰਧਕਾਂ ਵਿੱਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੋਵਾਂ ਸੰਸਥਾਵਾਂ ਵੱਲੋਂ ਗੌਰੀਆ ਕੰਪਲੈਕਸ ਵਿਖੇ ਰਾਮਲੀਲਾ ਦਾ ਆਯੋਜਨ ਵੀ ਕੀਤਾ ਗਿਆ, ਜਿਸ ਰਾਹੀਂ ਲੋਕਾਂ ਨੂੰ ਭਗਵਾਨ ਸ਼੍ਰੀ ਰਾਮ ਦੇ ਜੀਵਨ, ਆਦਰਸ਼ਾਂ ਅਤੇ ਧਾਰਮਿਕ ਪਰੰਪਰਾਵਾਂ ਨਾਲ ਜੋੜਨ ਦਾ ਉਪਰਾਲਾ ਕੀਤਾ ਗਿਆ।
ਇਸ ਮੌਕੇ ਐਂਟੀ ਕ੍ਰਾਈਮ ਸਮਾਜ ਸੁਰੱਖਿਆ ਸੈੱਲ ਪੰਜਾਬ ਦੇ ਚੇਅਰਮੈਨ ਸੁਭਾਸ਼ ਗੌਰੀਆ, ਉਪ ਪ੍ਰਧਾਨ ਸੁਭਾਸ਼ ਬਰਾਰ, ਸਕੱਤਰ ਰਾਜੇਸ਼ ਸ਼ਰਮਾ, ਜੈ ਸ਼੍ਰੀ ਰਾਮ ਮਹਾਵੀਰ ਕਲੱਬ ਦੇ ਪ੍ਰਧਾਨ ਸੁਨੀਲ ਸੋਂਧੀ, ਰਿੰਕੂ ਮੱਕੜ, ਸੁਮਿਤ ਸ਼ਰਮਾ, ਵਰਿੰਦਰ ਅਰੋੜਾ, ਜਾਨੂ ਕਸ਼ਯਪ, ਵਿਕਾਸ ਭਗਤ ਅਤੇ ਸੁਨੀਲ ਸੋਨੂੰ ਸਮੇਤ ਹੋਰ ਪਤਵੰਤੇ ਮੌਜੂਦ ਸਨ।
ਪ੍ਰਬੰਧਕਾਂ ਨੇ ਕਿਹਾ ਕਿ ਦੁਸਹਿਰਾ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ, ਜੋ ਸਾਨੂੰ ਸੱਚਾਈ ਅਤੇ ਧਰਮ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਸਮਾਗਮ ਵਿੱਚ ਪਹੁੰਚ ਕੇ ਉਤਸਵ ਦੀ ਰੌਣਕ ਵਧਾਉਣ ਅਤੇ ਆਪਸੀ ਭਾਈਚਾਰੇ, ਪਿਆਰ ਤੇ ਸਦਭਾਵਨਾ ਦਾ ਸੰਦੇਸ਼ ਸਾਂਝਾ ਕਰਨ।
ਗੌਰੀਆ ਕੰਪਲੈਕਸ ਵਿਖੇ ਪਹਿਲੀ ਵਾਰ ਕਰਵਾਇਆ ਜਾ ਰਿਹਾ ਇਹ ਦੁਸਹਿਰਾ ਉਤਸਵ ਇਲਾਕੇ ਲਈ ਇੱਕ ਨਵੀਂ ਧਾਰਮਿਕ ਪਹਿਲ ਹੈ। ਪ੍ਰਬੰਧਕਾਂ ਨੂੰ ਉਮੀਦ ਹੈ ਕਿ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਸਮਾਗਮ ਯਾਦਗਾਰੀ ਬਣੇਗਾ ਅਤੇ ਗੀਤਾ ਕਲੋਨੀ ਵਿੱਚ ‘ਜੈ ਸ਼੍ਰੀ ਰਾਮ’ ਦੇ ਜੈਕਾਰੇ ਗੂੰਜਣਗੇ।
